ਮਹਿਲਾ ਟੀ-20 ਵਰਲਡ ਕੱਪ ਨਾਲ ਖੇਡ ਹੋਰ ਲੋਕਪ੍ਰਿਯ ਹੋਵੇਗਾ : ਹਰਮਨਪ੍ਰੀਤ ਕੌਰ

02/07/2020 5:25:39 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਦੋ ਸਾਲ 'ਚ ਟੀਮ ਦਾ ਪ੍ਰਦਰਸ਼ਨ ਬਿਹਤਰ ਹੋਇਆ ਹੈ ਅਤੇ ਆਗਾਮੀ ਟੀ-20 ਵਰਲਡ ਕੱਪ 'ਚ ਖੇਡ ਨੂੰ ਹੋਰ ਲੋਕਪ੍ਰਿਯ ਬਣਾਉਣ ਦੀ ਸਮਰਥਾ ਹੈ। ਆਸਟਰੇਲੀਆ 'ਚ ਤਿਕੋਣੀ ਸੀਰੀਜ਼ 'ਚ ਭਾਰਤ ਨੂੰ ਲਗਾਤਾਰ ਦੋ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਹੁਣ ਸ਼ਨੀਵਾਰ ਨੂੰ ਮੇਜ਼ਬਾਨ ਦੇ ਖਿਲਾਫ ਹਰ ਹਾਲਤ 'ਚ ਜਿੱਤਣਾ ਹੈ। ਇਸ ਦੇ ਬਾਵਜੂਦ ਉਸ ਦਾ ਖੇਡਣਾ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਮੈਚ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ।

ਆਈ. ਸੀ. ਸੀ. ਲਈ ਇਕ ਕਾਲਮ 'ਚ ਹਰਮਨਪ੍ਰੀਤ ਕੌਰ ਨੇ ਲਿਖਿਆ ਕਿ ਪਿਛਲੇ ਦੋ ਸਾਲ 'ਚ ਮਹਿਲਾ ਟੀ-20 ਕ੍ਰਿਕਟ 'ਚ ਲੰਬਾ ਸਫਰ ਤੈਅ ਕੀਤਾ ਹੈ। ਹਰਮਨਪ੍ਰੀਤ ਨੇ ਕਿਹਾ, ''ਕੁਝ ਸਮੇਂ ਪਹਿਲਾਂ ਤਕ ਟੀ-20 ਕ੍ਰਿਕਟ 'ਚ 120 ਜਾਂ 130 ਚੰਗਾ ਸਕੋਰ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਟੀਮਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਵੱਡੇ ਸਕੋਰ ਬਣ ਰਹੇ ਹਨ।'' ਉਨ੍ਹਾਂ ਕਿਹਾ, ''ਦੁਨੀਆ ਭਰ 'ਚ ਟੀਮਾਂ ਦਾ ਪ੍ਰਦਰਸ਼ਨ ਬਿਹਤਰ ਹੋ ਰਿਹਾ ਹੈ। ਟੀ-20 ਵਰਲਡ ਕੱਪ ਨਾਲ ਇਹ ਹੋਰ ਵੀ ਬਿਹਤਰ ਹੋਵੇਗਾ।'' ਟੀ-20 ਵਰਲਡ ਕੱਪ 21 ਫਰਵਰੀ ਤੋਂ ਸ਼ੁਰੂ ਹੋਵੇਗਾ। ਹਰਮਨਪ੍ਰੀਤ ਨੇ ਕਿਹਾ, ''ਪਿਛਲੇ ਦੋ ਸਾਲ 'ਚ ਭਾਰਤ ਦਾ ਵਨ-ਡੇ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਟੀ-20 ਟੀਮ ਜੂਝਦੀ ਨਜ਼ਰ ਆਈ। ਪਿਛਲੇ ਦੋ ਸਾਲਾਂ 'ਚ ਅਸੀਂ ਸੁਧਾਰ ਦੀ ਕਾਫੀ ਕੋਸ਼ਿਸ ਕੀਤੀ ਹੈ ਪਰ ਸਾਡੇ ਆਪਣੇ ਮਜ਼ਬੂਤ ਪੱਖ ਹਨ। ਸਾਡੀ ਤਾਕਤ ਸਪਿਨ ਗੇਂਦਬਾਜ਼ੀ ਹੈ।''

Tarsem Singh

This news is Content Editor Tarsem Singh