ਹਰੀਕ੍ਰਿਸ਼ਣਾ ਨੇ ਚੌਥੇ ਰਾਊਂਡ ''ਚ ਦਰਜ ਕੀਤੀ ਪਹਿਲੀ ਜਿੱਤ

07/28/2017 5:20:33 PM

ਸਵਿਟਜ਼ਰਲੈਂਡ— ਭਾਰਤੀ ਗ੍ਰੈਂਡ ਮਾਸਟਰ ਪੇਂਟਾਲਾ ਹਰੀਕ੍ਰਿਸ਼ਣਾ ਨੇ ਪਿਛਲੇ ਰਾਊਂਡ 'ਚ ਲਗਾਤਾਰ ਡਰਾਅ ਤੋਂ ਬਾਅਦ ਜਬਰਦਸਤ ਵਾਪਸੀ ਕਰਦੇ ਹੋਏ ਸਥਾਨਕ ਖਿਡਾਰੀ ਨੋਇਲ ਸਟੂਡਰ ਨੂੰ ਹਰਾ ਕੇ ਇਥੇ ਬਿਏਲ ਚੈਸ ਫੈਸਟੀਵਲ ਦੇ ਚੌਥੇ ਰਾਊਂਡ 'ਚ ਧਮਾਕੇਦਾਰ ਜਿੱਤ ਦਰਜ ਕਰ ਲਈ। ਵਿਸ਼ਵ ਦੇ 20 ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਸਫੇਦ ਮੋਹਰਾਂ ਨਾਲ ਖੇਡਦੇ ਹੋਏ ਸ਼ੁਰੂਆਤ 'ਚ ਬੜ੍ਹਤ ਬਣਾ ਕੇ ਵਿਰੋਧੀ ਖਿਡਾਰੀ ਖਿਲਾਫ ਹਮਲਾਵਾਰ ਖੇਡ ਖੇਡੀ।
ਉਸ ਨੇ ਆਪਣੀਆਂ ਚਾਲਾਂ ਕਾਫੀ ਤੇਜ਼ੀ ਨਾਲ ਚਲੀਆਂ ਅਤੇ ਇਸ ਦਾ ਨਤੀਜਾ ਰਿਹਾ ਕਿ ਸਟੂਡਰ 24 ਚਾਲਾਂ ਤੋਂ ਬਾਅਦ ਹੀ ਹਾਰ ਮੰਨ ਬੈਠ ਗਿਆ। 31 ਸਾਲਾ ਗੁੰਟੂਰ ਦੇ ਸ਼ਤਰੰਜ ਖਿਡਾਰੀ ਨੇ ਕਿਹਾ ਕਿ ਮੈਂ ਫ੍ਰੈਂਚ ਡਿਫੈਂਸ ਦੀ ਯੋਜਨਾ ਦੀ ਤਿਆਰੀ ਕੀਤੀ ਸੀ ਅਤੇ ਮੈਂ 20ਵੀਂ ਚਾਲ 'ਚ ਇਸ ਦਾ ਫਾਇਦਾ ਚੁੱਕਿਆ, ਜਿਸ 'ਚ ਸਵਿਸ ਖਿਡਾਰੀ ਲਈ ਖੇਡ ਕਾਫੀ ਉਲਝਣ ਭਰਿਆ ਹੋ ਗਿਆ। ਹਰੀਕ੍ਰਿਸ਼ਣਾ ਲਈ ਇਸ ਚੈਂਪੀਅਨਸ਼ਿਪ 'ਚ ਇਹ ਪਹਿਲੀ ਜਿੱਤ ਵੀ ਹੈ, ਜਿਸ ਦੀ ਬਦੌਲਤ ਉਹ ਕੁਲ ਢਾਈ ਅੰਕਾਂ ਦੇ ਨਾਲ ਸੰਯੁਕਤ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਭਾਰਤੀ ਗ੍ਰੈਂਡ ਮਾਸਟਰ ਦੇ ਸਾਹਮਣੇ ਅਗਲੇ ਰਾਊਂਡ 'ਚ ਹੰਗਰੀ ਦੇ ਗ੍ਰੈਂਡ ਮਾਸਟਰ ਪੀਟਰ ਲੋਕੋ ਦੀ ਚੁਣੌਤੀ ਹੋਵੇਗੀ।