BCCI ਨੇ ਪੰਡਯਾ ਤੇ ਰਾਹੁਲ ਖਿਲਾਫ ਸ਼ੁਰੂ ਕੀਤੀ ਜਾਂਚ

01/16/2019 12:56:22 PM

ਨਵੀਂ ਦਿੱਲੀ— ਕਰਨ ਜੌਹਰ ਦੇ ਟੀ.ਵੀ. ਸ਼ੋਅ ਕੌਫੀ ਵਿਦ ਕਰਨ 'ਚ ਵਿਵਾਦਤ ਬਿਆਨਬਾਜ਼ੀ ਕਰਨ ਵਾਲੇ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਖਿਲਾਫ ਬੀ.ਸੀ.ਸੀ.ਆਈ. ਦੀ ਜਾਂਚ ਸ਼ੁਰੂ ਹੋ ਗਈ ਹੈ। ਇਨ੍ਹਾਂ ਮੁਅੱਤਲ ਭਾਰਤੀ ਕ੍ਰਿਕਟਰਾਂ ਨੇ ਮੰਗਲਵਾਰ ਨੂੰ ਬੀ.ਸੀ.ਸੀ.ਆਈ. ਦੇ ਸੀ.ਈ.ਓ ਰਾਹੁਲ ਜੌਹਰੀ ਦੇ ਸਾਹਮਣੇ ਆਪਣੀ ਗੱਲ ਰੱਖੀ। ਇਸ ਦੇ ਨਾਲ ਹੀ ਇਨ੍ਹਾਂ ਦੋਵੇਂ ਕ੍ਰਿਕਟਰਾਂ ਦੀਆਂ ਮਹਿਲਾਵਾਂ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਦੀ ਜਾਂਚ ਵੀ ਸ਼ੁਰੂ ਹੋ ਗਈ ਜਿਸ ਨੂੰ ਲੈ ਕੇ ਪਿਛਲੇ ਦਿਨਾਂ 'ਚ ਕਾਫੀ ਬਵਾਲ ਮਚ ਗਿਆ ਸੀ। ਪਤਾ ਲੱਗਾ ਹੈ ਕਿ ਇਨ੍ਹਾਂ ਦੋਹਾਂ ਖਿਡਾਰੀਆਂ ਨੇ ਬੀ.ਸੀ.ਸੀ.ਆਈ. ਦੇ ਨਵੇਂ ਕਾਰਨ ਦੱਸੋ ਨੋਟਿਸ ਦੇ ਜਵਾਬ 'ਚ ਬਿਨਾ ਸ਼ਰਤ ਮੁਆਫੀ ਮੰਗਣ ਲਈ ਟੈਲੀਫੋਨ ਦੇ ਜ਼ਰੀਏ ਜੌਹਰੀ ਦੇ ਸਾਹਮਣੇ ਆਪਣੀ ਗੱਲ ਰੱਖੀ।

ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਕਿਹਾ, ''ਸੀ.ਈ.ਓ. ਨੇ ਟੈਲੀਫੋਨ ਦੇ ਜ਼ਰੀਏ ਉਨ੍ਹਾਂ ਨਾਲ ਗੱਲ ਕੀਤੀ। ਉਨ੍ਹਾਂ ਵਿਚਾਲੇ ਛੋਟੀ ਜਿਹੀ ਗੱਲਬਾਤ ਹੋਈ। ਉਨ੍ਹਾਂ ਨੇ ਸਿਰਫ ਉਸ 'ਤੇ ਗੱਲ ਕੀਤੀ ਜੋ ਉਨ੍ਹਾਂ ਨੇ ਕਾਰਨ ਦੱਸੋ ਨੋਟਿਸ ਦੇ ਜਵਾਬ 'ਚ ਲਿਖਿਆ ਸੀ। ਉਹ ਕੱਲ ਤਕ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੂੰ ਆਪਣੀ ਰਿਪੋਰਟ ਸੌਂਪ ਸਕਦੇ ਹਨ।'' ਹਾਲਾਂਕਿ ਪਤਾ ਲੱਗਾ ਹੈ ਕਿ ਸੀ.ਈ.ਓ. ਨੇ ਉਨ੍ਹਾਂ ਤੋਂ ਅਜਿਹਾ ਸਵਾਲ ਨਹੀਂ ਕੀਤਾ ਕਿ ਕੀ ਇਸ ਤਰ੍ਹਾਂ ਨਾਲ ਮਨੋਰੰਜਨ ਨਾਲ ਜੁੜੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਨ੍ਹਾਂ ਦੇ ਏਜੰਟਾਂ ਨੇ ਦਬਾਅ ਬਣਾਇਆ ਸੀ। ਅਧਿਕਾਰੀ ਨੇ ਕਿਹਾ, ''ਪੁੱਛ-ਗਿੱਛ ਨਾਲ ਸਬੰਧਤ ਸਵਾਲ ਕਰਨਾ ਲੋਕਪਾਲ ਦੇ ਅਧਿਕਾਰ 'ਚ ਆਉਂਦਾ ਹੈ। ਹੁਣ ਅਗਲਾ ਪੜਾਅ ਉਦੋਂ ਹੀ ਹੋਵੇਗਾ ਜਦੋਂ ਸੁਪਰੀਮ ਕੋਰਟ ਲੋਕਪਾਲ ਜਾਂ ਐਡਹਾਕ ਲੋਕਪਾਲ ਦੀ ਨਿਯੁਕਤੀ ਕਰੇਗਾ।''

Tarsem Singh

This news is Content Editor Tarsem Singh