ਮਹਿਲਾਵਾਂ ''ਤੇ ਅਸ਼ਲੀਲ ਟਿੱਪਣੀ ਕਾਰਨ ਪਹਿਲੇ ਵਨ ਡੇ ''ਚ ਨਹੀਂ ਖੇਡਣਗੇ ਪੰਡਯਾ ਤੇ ਰਾਹੁਲ

01/11/2019 4:36:39 PM

ਸਿਡਨੀ— ਟੀ.ਵੀ. ਸ਼ੋਅ 'ਕੌਫੀ ਵਿਦ ਕਰਨ' ਦੇ ਦੌਰਾਨ ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ ਲਈ ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਬੱਲੇਬਾਜ਼ ਕੇ.ਐੱਲ. ਰਾਹੁਲ ਆਸਟਰੇਲੀਆ ਦੇ ਖਿਲਾਫ ਪਹਿਲੇ ਵਨ ਡੇ ਤੋਂ ਬਾਹਰ ਹੋ ਗਏ ਹਨ। ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੀ ਮੈਂਬਰ ਡਾਇਨਾ ਇਡੁਲਜੀ ਨੇ ਭਾਰਤੀ ਖਿਡਾਰੀਆਂ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਦੇ ਖਿਲਾਫ ਸ਼ੁੱਕਰਵਾਰ ਨੂੰ ਅੱਗੇ ਦੀ ਕਾਰਵਾਈ ਤਕ ਮੁਅੱਤਲ ਕਰਨ ਦੀ ਸ਼ਿਫਾਰਸ਼ ਕੀਤੀ ਜਿਸ ਤੋਂ ਬਾਅਦ ਦੋਹਾਂ ਨੂੰ ਆਸਟਰੇਲੀਆ ਦੇ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਮੈਚ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਖਬਰਾਂ ਮੁਤਾਬਕ ਅੰਤਿਮ 11 ਦੀ ਚੋਣ ਲਈ ਰਾਹੁਲ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਗਿਆ ਜਦਕਿ ਪੰਡਯਾ ਘੱਟੋ-ਘੱਟ ਸ਼ਨੀਵਾਰ ਨੂੰ ਹੋਣ ਵਾਲੇ ਮੈਚ 'ਚ ਨਹੀਂ ਖੇਡਣਗੇ। ਮਾਮਲੇ 'ਚ ਅੰਤਿਮ ਫੈਸਲਾ ਅਜੇ ਨਹੀਂ ਆਇਆ ਹੈ।

ਖਬਰਾਂ ਮੁਤਾਬਕ ਪੰਡਯਾ ਅਤੇ ਰਾਹੁਲ ਖਿਲਾਫ ਜਾਂਚ ਕਮੇਟੀ ਬਿਠਾਈ ਜਾ ਸਕਦੀ ਹੈ। ਇਸ ਦੇ ਮੁਤਾਬਕ ਪੰਡਯਾ ਅਤੇ ਰਾਹੁਲ ਆਸਟਰੇਲੀਆ ਦੇ ਖਿਲਾਫ ਪੂਰੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਭਾਰਤ ਵਾਪਸ ਬੁਲਾਇਆ ਜਾ ਸਕਦਾ ਹੈ। ਦੱਸ ਦਈਏ ਕਿ ਹਾਲ ਹੀ 'ਚ ਟੀਵੀ ਸ਼ੋਅ 'ਕੌਫੀ ਵਿਦ ਕਰਨ' 'ਚ ਹਾਰਦਿਕ ਪੰਡਯਾ ਆਪਣੇ ਸਾਥੀ ਖਿਡਾਰੀ ਕੇ.ਐੱਲ. ਰਾਹੁਲ ਨਾਲ ਆਏ ਸਨ।

ਸ਼ੋਅ ਦੇ ਦੌਰਾਨ ਹੋਸਟ ਕਰਨ ਜੌਹਰ ਨ ਦੋਹਾਂ ਖਿਡਾਰੀਆਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਸਵਾਲ ਕੀਤੇ ਸਨ। ਪੰਡਯਾ ਨੇ ਇਸ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋਏ ਕੁਝ ਸਵਾਲਾਂ ਦੇ ਜਵਾਬ ਦਿੱਤੇ। ਹਾਰਦਿਕ ਪੰਡਯਾ ਨੇ ਇਸ ਦੌਰਾਨ ਰਿਲੇਸ਼ਨਸ਼ਿਪ, ਡੇਟਿੰਗ ਅਤੇ ਮਹਿਲਾਵਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਕੇ ਫੈਂਸ ਨੂੰ ਹੈਰਾਨ ਕਰ ਦਿੱਤਾ। ਪੰਡਯਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸੋਚ ਕਾਫੀ ਖੁੱਲ੍ਹੀ ਹੋਈ ਹੈ ਅਤੇ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਲੜਕੀ ਨਾਲ ਸਬੰਧ ਬਣਾਏ ਤਾਂ ਘਰ ਆ ਕੇ ਕਿਹਾ, ਅੱਜ ਕਰਕੇ ਆਇਆ ਹੈ। 

ਪੰਡਯਾ ਦੀ ਮਹਿਲਾ ਵਿਰੋਧੀ ਗੱਲਾਂ ਸੁਣਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈ ਲਿਆ ਗਿਆ ਅਤੇ ਉਨ੍ਹਾਂ ਦੇ ਇਸ ਰਵੱਈਏ ਨੂੰ ਬੇਹੱਦ ਹੀ ਸ਼ਰਮਨਾਕ ਦੱਸਿਆ ਗਿਆ। ਪੰਡਯਾ ਦੀ ਟਿੱਪਣੀ ਨੂੰ ਮਹਿਲਾ ਵਿਰੋਧੀ ਅਤੇ ਸੈਕਸਿਸਟ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਪ੍ਰਮੁੱਖ ਵਿਨੋਦ ਰਾਏ ਨੇ ਭਾਰਤੀ ਖਿਡਾਰੀ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ 'ਤੇ ਦੋ ਵਨਡੇ ਮੈਚਾਂ ਦੇ ਬੈਨ ਦੀ ਸਿਫਾਰਸ਼ ਕੀਤੀ ਸੀ। ਦੂਜੇ ਪਾਸੇ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੀ ਮੈਂਬਰ ਡਾਇਨਾ ਇਡੁਲਜੀ ਨੇ ਭਾਰਤੀ ਖਿਡਾਰੀਆਂ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਦੇ ਖਿਲਾਫ ਸ਼ੁੱਕਰਵਾਰ ਨੰ 'ਅੱਗੇ ਦੀ ਕਾਰਵਾਈ ਤਕ ਮੁਅੱਤਲ' ਕਰਨ ਦੀ ਸਿਫਾਰਸ਼ ਕੀਤੀ।

Tarsem Singh

This news is Content Editor Tarsem Singh