ਇਸ ਖਿਡਾਰੀ ਨੂੰ ਟੀਮ ''ਚ ਨਾ ਸ਼ਾਮਲ ਕਰਨ ''ਤੇ ਹਰਭਜਨ ਸਿੰਘ ਨੇ ਕੱਢੀ BCCI ''ਤੇ ਭੜਾਸ

09/30/2019 3:35:16 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਤਜ਼ਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਲਗਾਤਾਰ ਇਕ ਖਿਡਾਰੀ ਦੀ ਅਨਦੇਖੀ ਕੀਤੇ ਜਾਣ ਨੂੰ ਲੈ ਕੇ ਚੋਣਕਾਰਾਂ 'ਤੇ ਭੜਾਸ ਕੱਢੀ ਹੈ। ਹਰਭਜਨ ਸਿੰਘ ਦਾ ਮੰਨਣਾ ਹੈ ਕਿ ਸੂਰਯਕੁਮਾਰ ਯਾਦਵ ਵਿਚ ਟੀਮ ਇੰਡੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਅਤੇ ਉਹ ਭਵਿੱਖ ਵਿਚ ਨੰਬਰ-4 ਦੀ ਸਮੱਸਿਆ ਨੂੰ ਹਲ ਕਰ ਸਕਦਾ ਹੈ।

ਹਰਭਜਨ ਸਿੰਘ ਨੇ ਐੱਮ. ਐੱਸ. ਕੇ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਕਮੇਟੀ 'ਤੇ ਭੜਾਸ ਕੱਢਦਿਆਂ ਸੂਰਯਕੁਮਾਰ ਦੀ ਫੋਟੋ ਸ਼ੇਅਰ ਕੀਤੀ ਅਤੇ ਟਵੀਟ ਕੀਤਾ, ''ਸਮਝ ਨਹੀਂ ਆਉਂਦਾ ਕਿ ਹੁਣ ਤਕ ਸੂਰਯਕੁਮਾਰ ਨੂੰ ਟੀਮ ਵਿਚ ਕਿਉਂ ਨਹੀਂ ਚੁਣਿਆ ਗਿਆ, ਜਦਕਿ ਉਸਨੇ ਘਰੇਲੂ ਕ੍ਰਿਕਟ ਵਿਚ ਰੱਜ ਕੇ ਦੌੜਾਂ ਬਣਾਈਆਂ ਹਨ। ਸੂਰਯਕੁਮਾਰ ਤੁਸੀਂ ਲਗਾਤਾਰ ਸਖਤ ਮਿਹਨਤ ਕਰੋ। ਤੁਹਾਡਾ ਸਮਾਂ ਆਵੇਗਾ।''

ਦੱਸ ਦਈਏ ਕਿ ਸੂਰਯਕੁਮਾਰ ਨੇ ਹਾਲ ਹੀ ਦੇ ਸਮੇਂ ਘਰੇਲੂ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸਨੇ ਵਿਜੇ ਹਜ਼ਾਰੇ ਟ੍ਰਾਫੀ ਵਿਚ ਮੁੰਬਈ ਵੱਲੋਂ ਖੇਡਦਿਆਂ 31 ਗੇਂਦਾਂ 'ਚ 81 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸੂਰਯਕੁਮਾਰ 42ਵੇਂ ਓਵਰ ਵਿਚ ਬੱਲੇਬਾਜ਼ ਕਰਨ ਆਏ ਅਤੇ ਮੁੰਬਈ ਨੇ ਆਖਰੀ 5 ਓਵਰਾਂ ਵਿਚ 79 ਦੌੜਾਂ ਜੋੜ ਕੇ ਸਕੋਰ ਨੂੰ 317 ਤਕ ਪਹੁੰਚਾਇਆ। ਸੂਰਯਕੁਮਾਰ ਹੁਣ ਤਕ ਖੇਡੇ 72 ਫਰਸਟ ਕਲਾਸ ਮੈਚਾਂ ਵਿਚ 43.01 ਦੀ ਔਸਤ ਨਾਲ 4818 ਦੌੜਾਂ ਬਣਾ ਚੁੱਕਾ ਹੈ। ਇਸ ਦੌਰਾਨ ਉਸਨੇ 12 ਸੈਂਕੜੇ ਅਤੇ 24 ਅਰਧ ਸੈਂਕੜੇ ਲਗਾਏ। ਇਸ ਤੋਂ ਇਲਾਵਾ ਉਹ 78 ਲਿਸਟ ਏ ਮੈਚਾਂ ਵਿਚ 34.11 ਦੀ ਔਸਤ ਨਾਲ 2081 ਦੌੜਾਂ ਬਣਾ ਚੁੱਕਾ ਹੈ।