ਚੋਣਕਰਤਾਵਾਂ ਤੋਂ ਨਾਰਾਜ਼ ਭੱਜੀ ਨੇ ਗਾਂਗੁਲੀ ਤੋਂ ਕੀਤੀ ਇਹ ਮੰਗ

11/25/2019 2:21:28 PM

ਸਪੋਰਟਸ ਡੈਸਕ— ਵੀਰਵਾਰ 21 ਨਵੰਬਰ ਨੂੰ ਕੋਲਕਾਤਾ 'ਚ ਐੱਮ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਗੀ 'ਚ ਭਾਰਤੀ ਟੀਮ ਦੇ ਚੋਣਕਰਤਾਵਾਂ ਦੀ ਬੈਠਕ ਹੋਈ। ਬਤੌਰ ਚੇਅਰਮੈਨ ਐੱਮ. ਐੱਸ. ਕੇ. ਪ੍ਰਸਾਦ ਅਤੇ ਉਨ੍ਹਾਂ ਦੇ ਪੈਨਲ ਦੀ ਇਹ ਆਖ਼ਰੀ ਸਿਲੈਕਸ਼ਨ ਮੀਟਿੰਗ ਸੀ। ਇਸ ਮੀਟਿੰਗ 'ਚ ਵੈਸਟਇੰਡੀਜ਼ ਖਿਲਾਫ ਦਸੰਬਰ 'ਚ ਹੋਣ ਵਾਲੀ ਵਨ-ਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋਇਆ, ਜਿਸ 'ਚ ਸੰਜੂ ਸੈਮਸਨ ਨੂੰ ਜਗ੍ਹਾ ਨਹੀਂ ਮਿਲੀ। ਇਸ ਤੋਂ ਬਾਅਦ ਹਰਭਜਨ ਸਿੰਘ ਨੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਤੋਂ ਸਿਲੈਕਸ਼ਨ ਕਮੇਟੀ ਨੂੰ ਬਦਲਣ ਦੀ ਮੰਗ ਕੀਤੀ ਹੈ।

ਦਰਅਸਲ, ਭਾਰਤੀ ਟੀਮ ਦੇ ਸੀਨੀਅਰ ਚੋਣਕਰਤਾਵਾਂ ਦੀ ਕਮੇਟੀ ਨੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਬਿਨਾ ਇਕ ਵੀ ਮੈਚ ਖਿਡਾਏ ਟੀਮ 'ਚੋਂ ਬਾਹਰ ਕਰ ਦਿੱਤਾ। ਘਰੇਲੂ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸੰਜੂ ਸੈਮਸਨ ਨੂੰ ਬੰਗਲਾਦੇਸ ਖਿਲਾਫ ਖੇਡੀ ਗਈ ਤਿੰਨ ਮੈਚਾਂ ਟੀ-20 ਕੌਮਾਂਤਰੀ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਵਿਰਾਟ ਕੋਹਲੀ ਦੀ ਜਗ੍ਹਾ ਸ਼ਾਮਲ ਕੀਤਾ ਗਿਆ। ਵਿਰਾਟ ਕੋਹਲੀ ਦੀ ਗੈਰ-ਮੌਜ਼ੂਦਗੀ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਖ਼ਰਾਬ ਫਾਰਮ ਦੇ ਬਾਵਜੂਦ ਸੰਜੂ ਸੈਮਸਨ ਪਲੇਇੰਗ ਇਲੈਵਨ ਤੋਂ ਬਾਹਰ ਰਹੇ ਅਤੇ ਹੁਣ ਟੀਮ 'ਚੋਂ ਵੀ ਬਾਹਰ ਹੋ ਗਏ।

ਨਾਰਾਜ਼ ਸ਼ਸ਼ੀ ਥਰੂਰ ਨੇ ਕੀਤਾ ਸੀ ਟਵੀਟ

4 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਟੀਮ 'ਚ ਜਗ੍ਹਾ ਬਣਾਉਣ ਵਾਲੇ ਸੰਜੂ ਸੈਮਸਨ ਨੂੰ ਬਿਨਾ ਖਿਡਾਏ ਬਾਹਰ ਕੀਤੇ ਜਾਣ ਦੇ ਬਾਅਕ ਇਕ ਕ੍ਰਿਕਟ ਪ੍ਰਸ਼ੰਸਕ ਨੇ ਟਵੀਟ ਕੀਤਾ ਕਿ ਨੈੱਟ ਪ੍ਰੈਕਟਿਸ 'ਚ ਉਨ੍ਹਾਂ ਦੀ ਬੱਲੇਬਾਜ਼ੀ ਦਾ ਟੈਸਟ ਲੈਣ ਦੇ ਬਾਅਦ ਉਨ੍ਹਾਂ ਨੂੰ ਡਰਾਪ ਕਰ ਦਿੱਤਾ ਗਿਆ। ਇਸ 'ਤੇ ਕਾਂਗਰਸ ਨੇਤਾ ਅਤੇ ਕ੍ਰਿਕਟ ਪ੍ਰੇਮੀ ਸ਼ਸ਼ੀ ਥਰੂਰ ਨੇ ਫੈਂਸ ਦੇ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ ਹੈ, ''ਬਿਨਾ ਮੌਕਾ ਦਿੱਤੇ, ਸੰਜੂ ਸੈਮਸਨ ਨੂੰ ਟੀਮ 'ਚੋਂ ਬਾਹਰ ਦੇਖ ਕੇ ਬਹੁਤ ਬੁਰਾ ਲੱਗਾ। ਉਸ ਨੇ ਤਿੰਨ ਟੀ-20 'ਚ ਪਾਣੀ ਪਿਲਾਇਆ ਅਤੇ ਉਸ ਨੂੰ ਤੁਰੰਤ ਛੱਡ ਦਿੱਤਾ ਗਿਆ। ਕੀ ਉਹ ਉਸ ਦੀ ਬੈਟਿੰਗ ਚੈੱਕ ਕਰ ਰਹੇ ਸਨ ਜਾਂ ਦਿਲ।

ਭੱਜੀ ਨੇ ਦਾਦਾ ਤੋਂ ਕੀਤੀ ਇਹ ਮੰਗ

ਸ਼ਸ਼ੀ ਥਰੂਰ ਨੇ ਇਸ ਟਵੀਟ 'ਤੇ ਹਰਭਜਨ ਸਿੰਘ ਨੇ ਵੀ ਜਵਾਬ ਦਿੱਤਾ। ਹਰਭਜਨ ਸਿੰਘ ਨੇ ਲਿਖਿਆ, ''ਮੈਨੂੰ ਲਗਦਾ ਹੈ ਕਿ ਉਹ ਉਸ ਦੇ ਦਿਲ ਦਾ ਟੈਸਟ ਕਰ ਰਹੇ ਸਨ। ਚੋਣਕਰਤਾਵਾਂ ਦੇ ਪੈਨਲ 'ਚ ਬਦਲਾਅ ਕਰਨ ਦੀ ਜ਼ਰੂਰਤ ਹੈ। ਕੁਝ ਮਜ਼ਬੂਤ ਲੋਕ ਇੱਥੇ ਹੋਣੇ ਚਾਹੀਦੇ ਹਨ। ਉਮੀਦ ਹੈ ਕਿ ਦਾਦਾ (ਸੌਰਵ ਗਾਂਗੁਲੀ) ਜ਼ਰੂਰੀ ਕਾਰਵਾਈ ਕਰਨਗੇ।'' ਜ਼ਿਕਰਯੋਗ ਹੈ ਕਿ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਮੌਜੂਦਾ ਸਮੇਂ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਹਨ। ਵੈਸੇ ਵੀ ਐੱਮ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦਾ ਇਹ ਆਖਰੀ ਮੀਟਿੰਗ ਸੀ, ਕਿਉਂਕਿ ਇਸ ਤੋਂ ਬਾਅਦ ਪੈਨਲ ਬਦਲਣਾ ਹੈ।

Tarsem Singh

This news is Content Editor Tarsem Singh