ਬੱਲੇਬਾਜ਼ਾਂ ਦੀ ਨੀਂਦ ਉਡਾਉਣ ਵਾਲੇ ਭੱਜੀ ਨੂੰ ਵੀ ਲਗਦਾ ਹੈ ਡਰ, ਜਾਣੋ ਕਿਸ ਚੀਜ਼ ਤੋਂ

11/28/2018 4:25:46 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਟਰਬਨੇਟਰ ਹਰਭਜਨ ਸਿੰਘ ਨੇ ਮੈਦਾਨ 'ਤੇ ਆਪਣੀ ਫਿਰਕੀ ਨਾਲ ਕਈ ਬੱਲੇਬਾਜ਼ਾਂ ਦੀ ਨੀਂਦ ਉਡਾਈ ਹੋਵੇ ਪਰ ਉਨ੍ਹਾਂ ਨੂੰ ਖੁਦ ਵੀ ਕੁਝ ਚੀਜ਼ਾਂ ਤੋਂ ਡਰ ਲਗਦਾ ਹੈ। ਭੱਜੀ ਨੇ ਬਾਲੀਵੁਡ ਅਭਿਨੇਤਰੀ ਨੇਹਾ ਧੂਪੀਆ ਦੇ ਸ਼ੋਅ 'ਦਿ ਫਿਲਟਰ ਨੇਹਾ' 'ਚ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਵਾਈ ਜਹਾਜ਼ 'ਚ ਯਾਤਰਾ ਕਰਦੇ ਸਮੇਂ ਸਭ ਤੋਂ ਜ਼ਿਆਦਾ ਡਰ ਲਗਦਾ ਹੈ।

ਉਨ੍ਹਾਂ ਕਿਹਾ, ''ਮੈਂ ਪਹਿਲਾਂ ਤਾਂ ਹਵਾਈ ਜਹਾਜ਼ 'ਚ ਬੈਠਣ ਤੋਂ ਬਹੁਤ ਜ਼ਿਆਦਾ ਡਰਦਾ ਸੀ। ਹਾਲਾਂਕਿ, ਹੁਣ ਮੇਰਾ ਇਹ ਡਰ ਥੋੜ੍ਹਾ ਘੱਟ ਹੋ ਗਿਆ ਹੈ। ਮੈਨੂੰ ਲਿਫਟ ਤੋਂ ਕਾਫੀ ਜ਼ਿਆਦਾ ਡਰ ਲਗਦਾ ਹੈ। ਜੇਕਰ ਲਿਫਟ ਬੰਦ ਹੋ ਜਾਂਦੀ ਹੈ ਅਤੇ ਮੈਂ ਇਕੱਲਾ ਫਸ ਜਾਂਦਾ ਹਾਂ, ਤਾਂ ਮੇਰੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ।'' ਭੱਜੀ ਨੇ ਇਹ ਵੀ ਕਿਹਾ ਕਿ ਮੈਨੂੰ ਲਗਦਾ ਹੈ ਕਿ ਜੇਕਰ ਲਿਫਟ ਰੁਕ ਜਾਵੇ ਅਤੇ ਮੈਂ ਇਸ 'ਚ ਇਕੱਲਾ ਰਹਿ ਜਾਵਾਂਗਾ ਤਾਂ ਕੀ ਹੋਵੇਗਾ।

ਦੱਸੀ ਆਪਣੀ ਪ੍ਰੇਮ ਕਹਾਣੀ
ਭੱਜੀ ਨੇ ਪਤਨੀ ਗੀਤਾ ਬਸਰਾ ਦੇ ਨਾਲ ਵਿਆਹ 'ਤੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਪਹਿਲਾਂ ਪੋਸਟਰ 'ਚ ਗੀਤਾ ਨੂੰ ਦੇਖਿਆ ਸੀ, ਪਰ ਸਾਲ 2011 ਦੀ ਵਿਸ਼ਵ ਕੱਪ ਦੀ ਜਿੱਤ ਦੇ ਬਾਅਦ ਉਹ ਪਹਿਲੀ ਵਾਰ ਗੀਤਾ ਨੂੰ ਮਿਲੇ ਸਨ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ। ਹਰਭਜਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੁਵੇਦ ਲੋਹੀਆ ਦੇ ਜ਼ਰੀਏ ਗੀਤਾ ਬਸਰਾ ਨੂੰ ਮਿਲੇ ਸਨ।

ਇਨ੍ਹਾਂ ਦਿਨਾਂ 'ਚ ਭੱਜੀ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਦੇ ਹਨ। ਚੇਨਈ ਸੁਪਰ ਕਿੰਗਸ ਦੀ ਟੀਮ ਨੇ ਉਨ੍ਹਾਂ ਨੂੰ ਇਸ ਸਾਲ ਵੀ ਆਈ.ਪੀ.ਐੱਲ. ਦੇ ਅਗਲੇ ਸੀਜ਼ਨ ਲਈ ਰਿਟੇਨ ਕੀਤਾ ਹੈ। ਪਿਛਲੀ ਵਾਰ ਆਈ.ਪੀ.ਐੱਲ. ਦਾ ਖਿਤਾਬ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਸੀ ਜਿਸ 'ਚ ਹਰਭਜਨ ਸਿੰਘ ਵੀ ਸਨ।

ਭੱਜੀ ਦਾ ਕਰੀਅਰ
ਉਨ੍ਹਾਂ ਨੇ ਟੀਮ ਇੰਡੀਆ ਵੱਲੋਂ 103 ਟੈਸਟ ਮੈਚ ਅਤੇ 236 ਵਨ ਡੇ ਮੈਚ ਖੇਡੇ ਹਨ ਅਤੇ ਕ੍ਰਮਵਾਰ 417 ਅਤੇ 236 ਵਿਕਟ ਲਏ। ਹਰਭਜਨ ਸਿੰਘ ਆਈ.ਪੀ.ਐੱਲ. 'ਚ ਪੰਜਾਬ ਦੀ ਟੀਮ ਵੱਲੋਂ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਟੀਮ ਇੰਡੀਆ ਵੱਲੋਂ ਆਖ਼ਰੀ ਮੈਚ 2015 'ਚ ਦੱਖਣੀ ਅਫਰੀਕਾ ਦੇ ਖਿਲਾਫ ਖੇਡਿਆ ਸੀ।

 

Tarsem Singh

This news is Content Editor Tarsem Singh