ਭਾਰਤੀ ਟੀਮ ਦਾ ''ਟਰਬਨੇਟਰ'' ਕਹਿ ਸਕਦੈ ਕ੍ਰਿਕਟ ਨੂੰ ਅਲਵਿਦਾ, IPL ਤੋਂ ਬਾਅਦ ਕਰੇਗਾ ਐਲਾਨ

02/15/2020 1:03:19 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿਚੋਂ ਇਕ ਮੰਨੇ ਜਾਣ ਵਾਲੇ ਫਿਰਕੀ ਕਿੰਗ ਹਰਭਜਨ ਸਿੰਘ ਜਲਦੀ ਹੀ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਸਕਦੇ ਹਨ। ਟੀਮ ਇੰਡੀਆ ਦੇ ਇਹ 'ਟਰਬੋਨੇਟਰ' ਕੌਮਾਂਤਰੀ ਕ੍ਰਿਕਟ ਤੋਂ ਇਲਾਵਾ ਭਾਰਤ ਦੀ ਘਰੇਲੂ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਵੀ ਅਲਵਿਦਾ ਕਹਿ ਸਦੇ ਹਨ। ਸੂਤਰਾਂ ਮੁਤਾਬਕ ਹਰਭਜਨ ਸਿੰਘ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਤੋਂ ਬਾਅਦ ਇਹ ਵੱਡਾ ਫੈਸਲਾ ਲੈ ਸਕਦੇ ਹਨ। ਪਿਛਲੇ ਸਾਲ ਯੁਵਰਾਜ ਸਿੰਘ ਅਤੇ ਇਰਫਾਨ ਪਠਾਨ ਨੇ ਵੀ ਟੀਮ ਤੋਂ ਬਾਹਰ ਰਹਿਣ ਕਾਰਨ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਸੀ। ਭਾਰਤੀ ਸਟਾਰ ਸਪਿਨਰ ਹਰਭਜਨ ਸਿਘ ਦੇ ਕਰੀਬੀ ਨੇ ਦੱਸਿਆ ਕਿ ਉਹ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਵਿਚ ਵੀ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਹੋਣਗੇ। ਇਸ ਸਾਲ ਮਾਰਚ ਅਤੇ ਅਪ੍ਰੈਲ ਵਿਚ ਖੇਡੇ ਜਾਣ ਵਾਲੇ ਆਈ. ਪੀ. ਐੱਲ. ਦੇ ਦੌਰਾਨ ਹੀ ਆਪਣੇ ਕਰੀਅਰ ਨੂੰ ਲੈ ਕੇ ਅਧਿਕਾਰਤ ਐਲਾਨ ਕਰਨਗੇ। ਭੱਜੀ ਨੇ ਆਖਰੀ ਵਾਰ ਮਾਰਚ 2016 ਵਿਚ ਭਾਰਤ ਵੱਲੋਂ ਮੈਚ ਖੇਡਿਆ ਸੀ।

39 ਸਾਲਾ ਹਰਭਜਨ ਨੇ ਭਾਰਤ ਵੱਲੋਂ ਆਪਣਾ ਆਖਰੀ ਮੈਚ ਸਾਲ 2016 ਵਿਚ ਏਸ਼ੀਆ ਕੱਪ ਟੀ-20 ਟੁਰਨਾਮੈਂਟ ਦੌਰਾਨ ਯੂ. ਏ. ਈ. ਖਿਲਾਫ ਖੇਡਿਆ ਸੀ। ਉਸ ਨੇ ਕਰੀਬ 4 ਸਾਲ ਬਾਅਦ 2015 ਵਿਚ ਜ਼ਿੰਬਾਬਵੇ ਖਿਲਾਫ ਭਾਰਤੀ ਵਨ ਡੇ ਟੀਮ ਵਿਚ ਵਾਪਸੀ ਕੀਤੀ ਸੀ ਜਦਕਿ 2015 ਵਿਚ ਹੀ 3 ਸਾਲ ਬਾਅਦ ਟੀ-20 ਟੀਮ ਵਿਚ ਪਰਤੇ ਸਨ। ਹਰਭਜਨ ਨੇ ਆਪਣਾ ਟੈਸਟ ਡੈਬਿਊ ਮਾਰਚ 1998 ਵਿਚ ਕੀਤਾ ਸੀ ਅਤੇ ਅਗਸਤ 2015 ਤਕ 103 ਮੈਚਾਂ ਵਿਚ 417 ਵਿਕਟਾਂ ਹਾਸਲ ਕਰ ਲਈਆਂ ਸਨ। ਇਸ ਦੌਰਾਨ 25 ਵਾਰ ਉਸ ਨੇ ਇਕ ਪਾਰੀ ਵਿਚ 5 ਵਿਕਟਾਂ ਲੈਣ ਦਾ ਕਾਰਨਾਮਾ ਵੀ ਕੀਤਾ। ਉਹ 2008 ਤੋਂ 2017 ਤਕ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਵੀ ਰਹੇ। ਇਸ ਤੋਂ ਬਾਅਦ ਉਹ 2018 ਵਿਚ ਚੇਨਈ ਸੁਪਰ ਕਿੰਗਜ਼ ਨਾਲ ਜੁੜੇ ਨਾਲ ਹੀ ਉਸ ਨੇ 48 ਮੈਚਾਂ ਵਿਚ ਪੰਜਾਬ ਰਣਜੀ ਟੀਮ ਦੀ ਅਗਵਾਈ ਵੀ ਕੀਤੀ। ਉਹ ਕਾਫੀ ਸਮੇਂ ਤਕ ਪੰਜਾਬ ਟੀਮ ਦੇ ਕਪਤਾਨ ਵੀ ਰਹੇ।

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਟੈਸਟ ਕ੍ਰਿਕਟ ਵਿਚ ਹਰਭਜਨ ਸਿੰਘ ਤੀਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਅਨਿਲ ਕੁੰਬਲੇ ਦੀਆਂ 619 ਅਤੇ ਕਪਿਲ ਦੇਵ ਦੇ 484 ਟੈਸਟ ਵਿਕਟਾਂ ਤੋਂ ਬਾਅਦ ਹਰਭਜਨ ਦਾ ਨੰਬਰ ਆਉਂਦਾ ਹੈ। ਭੱਜੀ ਨੇ ਕੁਲ 417 ਵਿਕਟਾਂ ਹਾਸਲ ਕੀਤੀਅ ਹਨ।