ਗਿਲਕ੍ਰਿਸਟ ਨੇ ਭੱਜੀ ਬਾਰੇ ਦਿੱਤਾ ਵੱਡਾ ਬਿਆਨ, ਦੱਸਿਆ ਸਭ ਤੋਂ ਖਤਰਨਾਕ ਗੇਂਦਬਾਜ਼

11/13/2019 5:05:48 PM

ਸਪੋਰਟਸ ਡੈਸਕ— ਕ੍ਰਿਕਟ ਜਗਤ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਉਂਝ ਲਾਈਨ 'ਚ ਕਈ ਬੱਲੇਬਾਜ਼ ਇਕੱਠੇ ਨਜ਼ਰ ਆਉਂਦੇ ਹਨ ਪਰ ਉਨ੍ਹਾਂ 'ਚੋਂ ਵੀ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੂੰ ਸਭ ਤੋਂ ਵੱਖਰੇ ਬੱਲੇਬਾਜ਼ ਮੰਨਿਆ ਜਾਂਦਾ ਸੀ। ਏਡਮ ਗਿਲਕ੍ਰਿਸਟ ਨੇ ਆਪਣੇ ਕਰੀਅਰ 'ਚ ਦੋ ਅਜਿਹੇ ਗੇਂਦਬਾਜ਼ਾਂ ਦਾ ਨਾਂ ਲਿਆ, ਜਿਨ੍ਹਾਂ ਨੂੰ ਖੇਡਣ 'ਚ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਿਸਟ 'ਚ ਇਕ ਨਾਂ ਭਾਰਤੀ ਸਪਿਨਰ ਹਰਭਜਨ ਸਿੰਘ ਦਾ ਹੈ ਅਤੇ ਦੂਜਾ ਸ਼੍ਰੀਲੰਕਾ ਦੇ ਸਪਿਨਰ ਮੁਥੱਇਆ ਮੁਰਲੀਧਰਨ ਦਾ ਨਾਂ।

ਗਿਲਕ੍ਰਿਸਟ ਨੇ ਹਰਭਜਨ ਨੂੰ ਮੰਨਿਆ ਸਭ ਤੋਂ ਮੁਸ਼ਕਿਲ ਗੇਂਦਬਾਜ਼
ਆਪਣੇ ਸ਼ਾਨਦਾਰ ਕਰੀਅਰ ਦੀਆਂ ਉਪਲਬੱਧੀਆਂ ਅਤੇ ਯਾਦਗਾਰ ਪਲਾਂ ਨੂੰ ਯਾਦ ਕਰਦੇ ਹੋਏ ਗਿਲਕ੍ਰਿਸਟ ਨੇ 2001 ਦੇ ਭਾਰਤ ਦੌਰੇ ਦਾ ਜ਼ਿਕਰ ਕੀਤਾ ਜਿਸ 'ਚ ਹਰਭਜਨ ਨੇ ਗੇਂਦਬਾਜ਼ੀ ਦੇ ਜੌਹਰ ਦਿਖਾਏ ਸਨ। ਉਨ੍ਹਾਂ ਨੇ ਕਿਹਾ, ਹਰਭਜਨ ਮੇਰੇ ਪੂਰੇ ਕਰੀਅਰ 'ਚ ਸਭ ਤੋਂ ਮੁਸ਼ਕਿਲ ਗੇਂਦਬਾਜ਼ ਰਿਹਾ ਹੈ। ਮੁਰਲੀ ਅਤੇ ਹਰਭਜਨ ਦੋ ਅਜਿਹੇ ਗੇਂਦਬਾਜ ਰਹੇ ਜਿਨ੍ਹਾਂ ਦਾ ਸਾਹਮਣਾ ਕਰਨ 'ਚ ਮੈਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਹੋਈ। ਭਾਰਤ ਨੇ 2001 ਦੀ ਸੀਰੀਜ਼ 'ਚ ਆਸਟਰੇਲੀਆ ਦੇ 15 ਮੈਚਾਂ ਦੇ ਜੇਤੂ ਅਭਿਆਨ 'ਤੇ ਰੋਕ ਲਗਾਈ ਸੀ। ਆਸਟਰੇਲੀਆ ਨੇ ਪਹਿਲਾ ਟੈਸਟ ਦਸ ਵਿਕਟਾਂ ਨਾਲ ਜਿੱਤਿਆ ਪਰ ਉਸ ਤੋਂ ਬਾਅਦ ਹਰਭਜਨ ਦੀ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਦੋਵੇਂ ਟੈਸਟ ਜਿੱਤੇ ।

ਗਿਲਕ੍ਰਿਸਟ ਨੇ ਕਿਹਾ, ਅਸੀਂ ਪੰਜ ਵਿਕਟਾਂ 99 ਦੌੜਾਂ 'ਤੇ ਗੁਆ ਚੁੱਕੇ ਸੀ। ਮੈਂ ਬੱਲੇਬਾਜ਼ੀ ਲਈ ਗਿਆ ਅਤੇ 80 ਗੇਂਦ 'ਚ ਸੈਂਕੜਾ ਲਾਇਆ। ਅਸੀਂ ਤਿੰਨ ਦਿਨਾਂ ਦੇ ਅੰਦਰ ਹੀ ਜਿੱਤ ਗਏ। ਹਰਭਜਨ ਨੇ ਤਿੰਨ ਮੈਚਾਂ 'ਚ 32 ਵਿਕਟਾਂ ਲਈਆਂ, ਜਿਸ 'ਚ ਦੂਜੇ ਟੈਸਟ 'ਚ ਕੋਲਕਾਤਾ ਦੇ ਈਡਨ ਗਾਰਡਨ 'ਤੇ ਭਾਰਤ ਦੀ ਪਹਿਲੀ ਟੈਸਟ ਹੈਟ੍ਰਿਕ ਸ਼ਾਮਲ ਹੈ। ਗਿਲਕ੍ਰਿਸਟ ਨੇ ਕਿਹਾ, ਮੈਨੂੰ ਲੱਗਾ ਕਿ ਬਹੁਤ ਆਸਾਨ ਹੈ ਪਰ ਮੈਂ ਗਲਤ ਸੀ। ਅਗਲੇ ਟੈਸਟ 'ਚ ਹੀ ਸਾਡਾ ਸਾਹਮਣਾ ਹਕੀਕਤ ਨਾਲ ਹੋਇਆ। ਹਰਭਜਨ ਨੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ।