ਇਸ ਖਿਡਾਰੀ ਨੂੰ ਕਿਹਾ ਗਿਆ ਅੱਤਵਾਦੀ, ਤੋੜੇ ਵਿਰਾਟ ਦੇ ਕਈ ਰਿਕਾਰਡ, 15 ਸਾਲ ਭਰਿਆ ਜੁਰਮਾਨਾ

03/31/2020 5:49:51 PM

ਨਵੀਂ ਦਿੱਲੀ : ਅੱਜ ਕ੍ਰਿਕਟ ਜਗਤ ਦੇ ਇਕ ਅਜਿਹੇ ਬਿਹਤਰੀਨ ਬੱਲੇਬਾਜ਼ ਦਾ ਜਨਮਦਿਨ ਹੈ, ਜਿਸ ਨੂੰ ਕਰੀਅਰ ਦੀ ਸ਼ੁਰੂੀਆਤ ਵਿਚ ਹੀ ਵੱਡਾ ਝਟਕਾ ਲੱਗਾ ਸੀ। ਉਸ ਨੂੰ ਅੱਤਵਾਦੀ ਦੱਸ ਦਿੱਤਾ ਗਿਆ ਸੀ। ਲੰਬੀ ਦਾੜ੍ਹੀ ਦੇ ਪਿੱਚ ’ਤੇ ਗੇਂਦਬਾਜ਼ਾਂ ਦੇ ਪਸੀਨੇ ਛੁਟਾਉਣ ਵਾਲੇ ਹਾਸ਼ਿਮ ਅਮਲਾ ਦਾ ਅੱਜ ਜਨਮਦਿਨ ਹੈ। ਉਹ ਮੰਗਲਵਾਰ ਨੂੰ 37 ਸਾਲ ਦੇ ਹੋ ਗਏ ਹਨ। ਉਸ ਦਾ ਜਨਮ 31 ਮਾਰਚ 1983 ਨੂੰ ਡਰਬਨ ਵਿਚ ਹੋਇਆ ਸੀ। ਹਾਸ਼ਿਮ ਅਮਲਾ ਨੇ 2019 ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵੀਦਾ ਕਹਿ ਦਿੱਤਾ ਸੀ। 15 ਸਾਲ ਦੇ ਕੌਮਾਂਤਰੀ ਕ੍ਰਿਕਟ ਕਰੀਅਰ ਦੌਰਾਨ ਉਸ ਨੇ ਆਪਣੀ ਬੱਲੇਬਾਜ਼ੀ ਨਾਲ ਖੂਬ ਸੁਰਖੀਆਂ ਬਟੋਰੀਆਂ ਪਰ 2006 ਵਿਚ ਉਹ ਇਕ ਖਾਸ ਵਜ੍ਹਾ ਤੋਂ ਖੂਬ ਚਰਚਾ ਵਿਚ ਰਹੇ।

ਉਸ ਨੇ ਦਸੰਬਰ 2004 ਵਿਚ ਭਾਰਤ ਖਿਲਾਫ ਕੋਲਕਾਤਾ ਵਿਚ ਟੈਸਟ ਡੈਬਿਊ ਕੀਤਾ ਸੀ। ਦਰਅਸਲ, 2006 ਵਿਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਚੱਲ ਰਹੇ ਕੋਲੰਬੋ ਟੈਸਟ ਮੈਚ ਦੌਰਾਨ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਡੀਨ ਜੋਂਸ ਨੇ ਉਸ ਨੂੰ ਕੁਮੈਂਟਰੀ ਦੌਰਾਨ ਅੱਤਵਾਦੀ ਕਹਿ ਦਿੱਤਾ ਸੀ। ਇਸ ਮੈਚ ਵਿਚ ਅਮਲਾ ਨੇ ਕੁਮਾਰਾ ਸੰਗਾਕਾਰਾ ਦਾ ਬੇਸ਼ਕੀਮਤੀ ਕੈਚ ਫੜਿਆ ਸੀ। ਇਸ ਕੈਚ ਦੇ ਬਾਅਦ ਜੋਂਸ ਨੇ ਕਿਹਾ ਸੀ ਕਿ ਅੱਤਵਾਦੀ ਅਮਲਾ ਨੇ ਕੈਚ ਫੜ ਲਿਆ ਅਤੇ ਇਸ ਦੇ ਨਾਲ ਹੀ ਇਕ ਵਿਕਟ ਆਪਣੇ ਨਾਂ ਕੀਤੀ। ਡੀਨ ਜੋਂਸ ਦੇ ਇਸ ਕੁਮੈਂਟ ਤੋਂ ਬਾਅਦ ਉਸ ਨੂੰ ਕੁਮੈਂਟਰੀ ਪੈਨਲ ਤੋਂ ਹੀ ਹਟਾ ਦਿੱਤਾ ਗਿਆ ਸੀ। ਬਾਅਦ ਵਿਚ ਡੀਨ ਜੋਂਸ ਨੂੰ ਮੁਆਫੀ ਮੰਗਣੀ ਪਈ ਸੀ। ਜ਼ਿਕਰਯੋਗ ਹੈ ਕਿ ਹਾਸ਼ਿਮ ਅਮਲਾ ਇਕ ਬੇਹੱਦ ਧਾਰਮਿਕ ਵਿਅਕਤੀ ਹਨ ਅਤੇ ਇਸ ਕਾਰਨ ਉਸ ਨੂੰ ਆਪਣੇ ਕਰੀਅਰ ਦੌਰਾਨ ਜ਼ੁਰਮਾਨਾ ਵੀ ਭਰਨਾ ਪਿਆ ਸੀ।

ਦਰਅਸਲ, ਦੱਖਣੀ ਅਫਰੀਕੀ ਟੀਮ ਦੀ ਸਪਾਂਸਰ ‘ਕੈਸਲ’ਨਾਂ ਦੀ ਇਕ ਬੀਅਰ ਕੰਪਨੀ ਸੀ। ਅਮਲਾ ਨੇ ਆਪਣੀ ਜਰਸੀ ’ਤੇ ਬੀਅਰ ਕੰਪਨੀ ਦਾ ਲੋਗੋ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਵਜ੍ਹਾ ਤੋਂ ਉਸ ਨੂੰ ਹਰ ਮਹੀਨੇ ਕੰਪਨੀ ਨੂੰ 500 ਡਾਲਰ ਦਾ ਜੁਰਮਾਨਾ ਦੇਣਾ ਪੈਂਦਾ ਸੀ। 

ਭਾਰਤ ਨਾਲ ਹੈ ਖਾਸ ਰਿਸ਼ਤਾ

ਹਾਸ਼ਿਮ ਅਮਲਾ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ। ਅਮਲਾ ਦੇ ਦਾਦਾ ਗੁਜਰਾਤ ਦੇ ਸੀ ਅਤੇ ਵਪਾਰ ਦੇ ਲਈ ਦੱਖਣੀ ਅਫਰੀਕਾ ਵਿਚ ਜਾ ਕੇ ਵਸ ਗਏ ਸੀ। ਹਾਸ਼ਿਮ ਅਮਲਾ ਦੇ ਵੱਡੇ ਭਰਾ ਅਹਿਮਦ ਅਮਲਾ ਵੀ ਕ੍ਰਿਕਟਰ ਰਹਿ ਚੁੱਕੇ ਹਨ। ਉਸ ਨੇ ਹਾਸ਼ਿਮ ਤੋਂ 3 ਸਾਲ ਪਹਿਲਾਂ ਫਰਸਟ ਕਲਾਸ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਹਾਸ਼ਿਮ ਅਮਲਾ ਦੱਖਣੀ ਅਫਰੀਕਾ ਵੱਲੋਂ ਟੈਸਟ ਮੈਚ ਵਿਚ ਤੀਹਰਾ ਸੈਂਕੜਾ (311 ਅਜੇਤੂ, ਇੰਗਲੈਂਡ ਖਿਲਾਫ, 2012) ਲਾਉਣ ਵਾਲੇ ਇਕਲੌਤੇ  ਬੱਲੇਬਾਜ਼ ਹਨ। ਅਮਲਾ ਨੇ 124 ਟੈਸਟ ਮੈਚਾਂ ਵਿਚ 46.64 ਦੀ ਔਸਤ ਨਾਲ 9282 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ 28 ਸੈਂਕੜੇ ਸ਼ਾਮਿਲ ਹਨ। ਉਹ ਜੈਕ ਕੈਲਿਸ (13206) ਤੋਂ ਬਾਅਦ ਦੱਖਣੀ ਅਫਰੀਕਾ ਦੇ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਹਾਸ਼ਿਮ ਅਮਲਾ ਵਨ ਡੇ ਕੌਮਾਂਤਰੀ ਵਿਚ ਅਨੋਖਾ ਵਰਲਡ ਰਿਕਾਰਡ ਆਪਣੇ ਨਾਂ ਰੱਖਦੇ ਹਨ। ਉਸ ਨੇ ਸਭ ਤੋਂ ਘੱਟ ਪਾਰੀਆਂ ਵਿਚ 2000, 3000, 4000, 5000 , 6000 ਅਤੇ 7000 ਦੌੜਾਂ ਬਣਾਉਣ ਦਾ ਕਾਰਨਾਮਾ ਕੀਤਾ ਹੈ।

Ranjit

This news is Content Editor Ranjit