ਹਾਲੇਪ, ਜਵੇਰੇਵ ਅਤੇ ਸਿਤਸਿਪਾਸ ਪ੍ਰੀ-ਕੁਆਰਟਰ ਫਾਈਨਲ ''ਚ

06/02/2019 12:52:53 PM

ਪੈਰਿਸ— ਸਾਬਕਾ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ, ਪੁਰਸ਼ਾਂ ਵਿਚ ਪੰਜਵੀਂ ਸੀਡ ਜਰਮਨੀ ਦੇ ਅਲੈਗਸਾਂਦ੍ਰ ਜਵੇਰੇਵ ਤੇ ਛੇਵੀਂ ਸੀਡ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੇ ਸ਼ਨੀਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਹਾਲੇਪ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਯੂਕ੍ਰੇਨ ਦੀ ਲੇਸੀਆ ਸੁਰੇਂਕੋ ਨੂੰ ਲਗਾਤਾਰ ਸੈੱਟਾਂ ਵਿਚ 6-2, 6-1 ਨਾਲ ਹਰਾਇਆ। ਹਾਲੇਪ ਨੇ ਇਹ ਮੁਕਾਬਲਾ ਸਿਰਫ 55 ਮਿੰਟ ਵਿਚ ਖਤਮ ਕਰ ਦਿੱਤਾ।


ਪੰਜਵੀਂ ਸੀਡ ਜਵੇਰੇਵ ਨੇ ਤਿੰਨ ਘੰਟੇ ਤਿੰਨ ਮਿੰਟ ਤਕ ਚੱਲੇ ਪੰਜ ਸੈੱਟਾਂ ਦੇ ਜ਼ਬਰਦਸਤ ਮੁਕਾਬਲੇ ਵਿਚ ਸਰਬੀਆ ਦੇ ਦੁਸਾਨ ਲਾਜੋਵਿਚ ਨੂੰ 6-4, 6-2, 4-6, 1-6, 6-2 ਨਾਲ ਹਰਾਇਆ, ਜਦਕਿ ਸਿਤਸਿਪਾਸ ਨੇ ਸਰਬੀਆ ਦੇ ਫਿਲਿਪ ਕ੍ਰਾਜਿਨੋਵਿਚ ਨੂੰ ਤਿੰਨ ਘੰਟੇ 34 ਮਿੰਟ ਵਿਚ 7-5, 6-3, 6-7, 7-6 ਨਾਲ ਹਰਾਇਆ।
9ਵੀਂ ਸੀਡ ਇਟਲੀ ਦੇ ਫੇਬਿਓ ਫੋਗਨਿਨੀ ਨੇ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਨੂੰ ਤਿੰਨ ਘੰਟੇ 10 ਮਿੰਟ ਵਿਚ 7-6, 6-4, 4-6, 6-1 ਨਾਲ ਹਰਾ ਕੇ ਆਖਰੀ-16 ਵਿਚ ਪ੍ਰਵੇਸ਼ ਕੀਤਾ। 24ਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਬੁਲਗਾਰੀਆ ਦੇ ਗ੍ਰੇਗੋਰ ਦਿਮਿਤ੍ਰੋਵ ਨੂੰ ਤਿੰਨ ਘੰਟੇ 16 ਮਿੰਟ ਵਿਚ 6-7, 7-6, 7-6 ਨਾਲ ਲਗਾਤਾਰ ਸੈੱਟਾਂ ਵਿਚ ਹਰਾਇਆ। ਪ੍ਰੀ-ਕੁਆਰਟਰ ਫਾਈਨਲ ਵਿਚ ਜਵੇਰੇਵ ਦਾ ਮੁਕਾਬਲਾ ਫੋਗਨਿਨੀ ਨਾਲ ਤੇ ਸਿਤਸਿਪਾਸ ਦਾ ਮੁਕਾਬਲਾ ਵਾਵਰਿੰਕਾ ਨਾਲ ਹੋਵੇਗਾ। ਪੁਰਸ਼ ਵਰਗ ਵਿਚ 22ਵੀਂ ਸੀਡ ਫਰਾਂਸ ਦੇ ਲੁਕਾਸ ਪੋਇਲੀ ਨੂੰ ਪੰਜ ਸੈੱਟਾਂ ਦੇ ਸੰਘਰਸ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਲੋਵਾਕੀਆ ਦੇ ਮਾਰਟਿਨ ਕਲੀਜੇਨ ਨੇ ਚਾਰ ਘੰਟੇ 7 ਮਿੰਟ ਤਕ ਚੱਲੇ ਮੁਕਾਬਲੇ ਵਿਚ ਪੋਇਲੀ ਨੂੰ 7-6, 2-6, 6-3, 3-6, 9-7 ਨਾਲ ਹਰਾਇਆ ਅਤੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। 
ਮਹਿਲਾਵਾਂ ਵਿਚ ਸੱਤਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਂਸ ਸਟੀਫਨਸ ਨੇ ਸਲੋਵਾਕੀਆ ਦੀ ਪੋਲੋਨਾ ਹਰਸਗ ਨੂੰ ਦੋ ਘੰਟੇ 32 ਮਿੰਟ ਦੇ ਸੰਘਰਸ਼ ਵਿਚ 6-3, 5-7, 6-4 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।