ਪੰਜਾਬੀਆਂ ਨੂੰ ਚੰਗੀ ਸਿਹਤ ਤੇ ਖੁਰਾਕ ਮੁਹੱਈਆ ਕਰਵਾਉਣਾ ਮੇਰਾ ਮੁੱਖ ਮਕਸਦ : ਗੁਰੂ ਮਾਨ

10/29/2018 7:41:06 PM

ਗੁਰੂ ਮਾਨ ਇਕ ਫਿਟਨੈੱਸ ਮਾਡਲ ਹੈ, ਜੋ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਚੁੱਕਾ ਹੈ। ਗੁਰੂ ਮਾਨ ਆਪਣੇ ਯੂਟਿਊਬ ਚੈਨਲ ਰਾਹੀਂ ਚੰਗੀ ਸਿਹਤ ਤੇ ਖੁਰਾਕ 'ਤੇ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗੁਰੂ ਮਾਨ 'ਜਗ ਬਾਣੀ' ਦਫਤਰ ਪੁੱਜੇ, ਜਿਥੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਉਨ੍ਹਾਂ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

PunjabKesari

ਸਵਾਲ : ਤੁਹਾਡਾ ਪੰਜਾਬ ਆਉਣ ਦਾ ਮੁੱਖ ਮਕਸਦ ਕੀ ਹੈ?
ਜਵਾਬ : ਜਲੰਧਰ 'ਚ ਮੇਰਾ ਇਹ ਪਹਿਲਾ ਇਵੈਂਟ ਹੈ। ਮੈਂ ਪੰਜਾਬ 'ਚ ਜਨਮਿਆ ਤੇ ਮੇਰੀ ਜੜ੍ਹਾਂ ਪੰਜਾਬ ਨਾਲ ਜੁੜੀਆਂ ਹਨ। ਅੱਜ ਦਾ ਪੰਜਾਬ ਉਹ ਨਹੀਂ ਰਿਹਾ, ਜਿਸ ਦੀਆਂ ਅਸੀਂ ਗੱਲਾਂ ਕਰਦੇ ਹੁੰਦੇ ਸੀ। ਖੁਸ਼ਹਾਲੀ, ਚੰਗੀ ਸਿਹਤ, ਪਹਿਲਵਾਨ ਤੇ ਚੰਗੇ ਖਿਡਾਰੀ ਪੈਦਾ ਨਹੀਂ ਹੋ ਰਹੇ। ਮੇਰਾ ਮਕਸਦ ਪੰਜਾਬ ਦੇ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਉਹ ਖੁਰਾਕ ਮੁਹੱਈਆ ਕਰਵਾਉਣੀ ਹੈ, ਜਿਸ ਦੀਆਂ ਸਾਡੇ ਬਜ਼ੁਰਗ ਗੱਲਾਂ ਕਰਦੇ ਸਨ। ਪੰਜਾਬ ਉਸ ਮੁਕਾਮ 'ਤੇ ਪਹੁੰਚੇ, ਜਿਥੇ ਕਦੇ ਹੋਇਆ ਕਰਦਾ ਸੀ ਤੇ ਚੰਗੀ ਸਿਹਤ ਦੇ ਨਾਲ ਨੌਜਵਾਨ ਆਪਣਾ ਕਰੀਅਰ ਵੀ ਬਣਾਉਣ।

ਸਵਾਲ : ਕੀ ਫਿਟਨੈੱਸ ਨੂੰ ਲੈ ਕੇ ਤੁਸੀਂ ਸਰਕਾਰ ਨਾਲ ਗੱਲਬਾਤ ਕੀਤੀ?
ਜਵਾਬ :
ਮੈਂ ਨੈਸ਼ਨਲ ਲੈਵਲ 'ਤੇ ਗੱਲਬਾਤ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਜੇ ਭਾਰਤ ਸਰਕਾਰ ਸਾਡੀ ਗੱਲ ਨੂੰ ਸਮਝੇਗੀ ਤਾਂ ਸੂਬਾ ਪੱਧਰ 'ਤੇ ਉਸ ਚੀਜ਼ ਨੂੰ ਅਮਲ 'ਚ ਆਸਾਨੀ ਨਾਲ ਲਿਆਂਦਾ ਜਾ ਸਕੇਗਾ। 'ਦਿ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ' (ਫਿੱਕੀ) ਨਾਲ ਮੈਂ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੂੰ ਮੇਰਾ ਆਇਡੀਆ ਚੰਗਾ ਲੱਗਾ। ਇਸ ਦੇ ਅੰਦਰ ਮੈਂ ਅੰਡਰ-14 ਦੇ ਸਪੋਰਟਸ ਕੋਟੇ ਦੇ ਵਿਦਿਆਰਥੀਆਂ ਲਈ ਡਾਈਟ ਦਾ ਇਕ ਪਰਪੋਜ਼ਲ ਦਿੱਤਾ ਹੈ। ਇਸ 'ਚ ਅਜੇ ਇਕ ਦਿਨ ਦੀ ਡਾਈਟ 800 ਰੁਪਏ ਦੀ ਬਣਦੀ ਹੈ, ਜਿਸ ਨੂੰ ਮੇਰੀ ਕੋਸ਼ਿਸ਼ 300 ਰੁਪਏ ਦਿਨ ਦੀ ਲਿਆਉਣ ਦੀ ਕੋਸ਼ਿਸ਼ ਹੈ। ਦੂਜਾ ਪਰਪੋਜ਼ਲ ਪੀ. ਐੱਸ. ਈ. ਬੀ. ਤੇ ਸੀ. ਬੀ. ਐੱਸ. ਈ. ਦੀਆਂ 8ਵੀਂ, 9ਵੀਂ ਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਹੈਲਥ ਤੇ ਫਿਟਨੈੱਸ ਨਾਂ ਦਾ ਸਬਜੈਕਟ ਪੜ੍ਹਾਉਣ ਦਾ ਹੈ।

ਸਵਾਲ : ਤੁਸੀਂ ਆਪਣੀ ਅਕੈਡਮੀ ਵੀ ਖੋਲ੍ਹ ਰਹੇ ਹੋ। ਉਸ ਬਾਰੇ ਦੱਸੋ? 
ਜਵਾਬ :
ਮੈਂ ਜੀ. ਐੱਮ. ਐੱਸ. ਏ. ਨਾਂ ਦੀ ਅਕੈਡਮੀ ਸ਼ੁਰੂ ਕਰ ਰਿਹਾ ਹਾਂ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਹੈ। ਮੈਂ ਇਸ ਅਕੈਡਮੀ 'ਚ ਪੰਜਾਬ ਦੇ ਸਰਕਾਰੀ ਟਰੇਨਰਾਂ ਨੂੰ ਟੀਚਰ ਰੱਖਣਾ ਚਾਹੁੰਦਾ ਹਾਂ।

ਸਵਾਲ : ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਪੋਜ਼ਲ 'ਤੇ ਅਮਲ ਹੋਵੇਗਾ?
ਜਵਾਬ :
ਮੈਂ ਆਪਣੇ ਵਲੋਂ ਇਕ ਆਇਡੀਆ ਦਿੱਤਾ ਹੈ। ਇਸ 'ਤੇ ਅਮਲ ਕਰਨਾ ਸਰਕਾਰ ਦਾ ਕੰਮ ਹੈ। ਉਨ੍ਹਾਂ ਨੇ ਕਦੋ ਤੇ ਕਿਵੇਂ ਇਸ 'ਤੇ ਕੰਮ ਕਰਨਾ ਹੈ, ਇਹ ਮੈਂ ਨਹੀਂ ਦੱਸ ਸਕਦਾ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤਕ ਵੀ ਇਹ ਆਇਡੀਆ ਪਹੁੰਚਿਆ ਹੈ। ਉਹ ਚਾਹਵਾਨ ਹਨ ਇਸ 'ਤੇ ਕੰਮ ਕਰਨ ਲਈ। ਸ਼ਾਇਦ ਸਰਕਾਰ ਦੀ ਮਦਦ ਨਾਲ ਇਹ ਸੰਭਵ ਹੋ ਜਾਵੇ।

ਸਵਾਲ : ਪੰਜਾਬ ਦੇ ਕਿਹੜੇ ਕਲਾਕਾਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ?
ਜਵਾਬ :
ਮੇਰੇ ਨਾਲ ਕਾਫੀ ਕਲਾਕਾਰਾਂ ਗੱਲਬਾਤ ਕਰਦੇ ਹਨ। ਮੈਂ ਕਦੇ ਕਿਸੇ ਦਾ ਨਾਂ ਸੋਸ਼ਲ ਮੀਡੀਆ 'ਤੇ ਨਹੀਂ ਲਿਆ। ਨਵਿਆਂ ਤੋਂ ਲੈ ਕੇ ਪੁਰਾਣੇ ਸਿੰਗਰ ਮੇਰੇ ਨਾਲ ਰਾਬਤਾ ਰੱਖਦੇ ਹਨ। ਉਨ੍ਹਾਂ ਦੀ ਲਾਈਨ ਹੋਰ ਹੈ ਪਰ ਜੇ ਉਹ ਗੀਤਾਂ ਰਾਹੀਂ ਕੋਈ ਸੁਨੇਹਾ ਦੇ ਸਕਣ ਤਾਂ ਬਹੁਤ ਵਧੀਆ ਗੱਲ ਹੈ। ਸ਼ੈਰੀ ਮਾਨ, ਦਿਲਜੀਤ ਦੁਸਾਂਝ, ਹਰਭਜਨ ਮਾਨ, ਗੁਰਦਾਸ ਮਾਨ, ਦਲੇਰ ਮਹਿੰਦੀ ਤੇ ਮੀਕਾ ਸਿੰਘ ਕੁਝ ਅਜਿਹੇ ਸਿੰਗਰ ਹਨ, ਜੋ ਮੇਰੇ ਕਰੀਬੀ ਹਨ।

ਸਵਾਲ : ਕੀ ਤੁਸੀਂ ਵੀ ਕੋਈ ਗੀਤ ਕਰ ਰਹੇ ਹੋ?
ਜਵਾਬ :
ਮੇਰਾ ਇਕ ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਤਿਆਰ ਹੋ ਰਿਹਾ ਹੈ। ਇਹ ਇਕ ਹਿੰਦੀ ਬਾਲੀਵੁੱਡ ਲੈਵਲ ਦਾ ਗੀਤ ਹੋਵੇਗਾ। ਇਸ ਦੀ ਸ਼ੂਟਿੰਗ ਦਸੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਇਹ ਇਕ ਉਤਸ਼ਾਹਿਤ ਕਰਨ ਵਾਲਾ ਤੇ ਪ੍ਰਭਾਵਿਤ ਕਰਨ ਵਾਲਾ ਗੀਤ ਹੋਵੇਗਾ, ਜੋ ਸਫਲਤਾ ਦੀ ਕਹਾਣੀ ਬਿਆਨ ਕਰੇਗਾ। ਇਸ ਦੇ ਬੋਲ ਤਿਆਰ ਹਨ ਤੇ ਕੰਪੋਜ਼ੀਸ਼ਨ ਬਣ ਰਹੀ ਹੈ, ਜੋ ਨਵੰਬਰ ਤਕ ਬਣ ਜਾਵੇਗੀ। ਗੀਤ ਨੂੰ ਮੈਂ ਆਵਾਜ਼ ਦੇਵਾਂਗਾ ਤੇ ਵੀਡੀਓ 'ਚ ਫੀਚਰ ਵੀ ਮੈਂ ਖੁਦ ਕਰਾਂਗਾ। ਇਸ 'ਚ ਇਕ ਕਹਾਣੀ ਦੇਖਣ ਨੂੰ ਮਿਲੇਗੀ, ਜੋ ਲੋਕਾਂ ਨਾਲ ਕੁਨੈਕਟ ਕਰੇਗੀ। ਜਨਵਰੀ ਮਹੀਨੇ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ।

ਸਵਾਲ : ਪੰਜਾਬ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਜਵਾਬ :
ਪੰਜਾਬ ਦੇ ਨੌਜਵਾਨਾਂ 'ਚ ਯੌਧਿਆਂ ਦਾ ਖੂਨ ਹੈ। ਪੰਜਾਬੀਆਂ ਨੂੰ ਯੌਧੇ ਕਿਹਾ ਜਾਂਦਾ ਹੈ। ਹੁਣ ਵੀ ਸਾਡੇ ਅੰਦਰ ਉਹੀ ਖੂਨ ਹੈ। ਇਕ ਸਾਕਾਰਾਤਮਕਤਾ ਸਾਨੂੰ ਆਪਣੇ ਅੰਦਰ ਲਿਆਉਣ ਦੀ ਲੋੜ ਹੈ। ਨਸ਼ਿਆਂ ਤੋਂ ਦੂਰ ਰਹਿਣ ਲਈ ਖਾਣ-ਪੀਣ ਚੰਗਾ ਬਣਾਉਣ ਦੀ ਲੋੜ ਹੈ ਤੇ ਨਾਲ ਹੀ ਸਾਕਾਰਾਤਮਕ ਸੋਚ ਰੱਖਣ ਦੀ ਲੋੜ ਹੈ ਤਾਂ ਕਿ ਦਿਮਾਗ ਗਲਤ ਪਾਸੇ ਨਾ ਜਾਵੇ।

'ਕਿਸੇ ਮੰਤਰੀ ਨੇ ਤੁਹਾਨੂੰ ਘਰ ਆ ਕੇ ਠੀਕ ਨਹੀਂ ਕਰਨਾ। ਤੁਸੀਂ ਬੀਮਾਰ ਹੋ ਤੁਹਾਨੂੰ ਖੁਦ ਹਸਪਤਾਲ ਜਾਣਾ ਪੈਣਾ ਹੈ। ਤੁਹਾਡੀ ਬੀਮਾਰੀ ਤੇ ਹਰ ਮੁਸ਼ਕਿਲ ਦਾ ਹੱਲ ਤੁਸੀਂ ਆਪ ਹੋ, ਤੁਹਾਡਾ ਆਪਣਾ ਘਰ ਹੈ ਤੇ ਤੁਹਾਡੀ ਆਪਣੀ ਸੋਚ ਹੈ।'
—ਗੁਰੂ ਮਾਨ


Related News