‘ਲੇਨ ਦੀ ਉਲੰਘਣਾਂ’ ਕਾਰਨ ਗੁਲਵੀਰ ਨੇ ਗੁਆਇਆ ਸੋਨ ਤਮਗਾ

02/20/2024 6:44:00 PM

ਤਹਿਰਾਨ– ਭਾਰਤ ਦੇ ਗੁਲਵੀਰ ਸਿੰਘ ਨੇ ਇੱਥੇ ਖਤਮ ਹੋਈ ਏਸ਼ੀਆਈ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 3000 ਮੀਟਰ ਦੌੜ ਦਾ ਸੋਨ ਤਮਗਾ ਗੁਆ ਦਿੱਤਾ ਕਿਉਂਕਿ ਉਸ ਨੂੰ ‘ਲੇਨ ਦੀ ਉਲੰਘਣਾ’ ਕਰਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਗੁਲਵੀਰ ਨੇ ਸੋਮਵਾਰ ਨੂੰ 3000 ਮੀਟਰ ਦੇ ਫਾਈਨਲ ਵਿਚ 8 ਮਿੰਟ 07.48 ਸੈਕੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਹ ਪ੍ਰਤੀਯੋਗਿਤਾ ਓਲੰਪਿਕ ਵਿਚ ਸ਼ਾਮਲ ਨਹੀਂ ਹੈ। ਇਸ ਭਾਰਤੀ ਐਥਲੀਟ ਨੂੰ ਹਾਲਾਂਕਿ ਬਾਅਦ ਵਿਚ ‘ਲੇਨ ਦੀ ਉਲੰਘਣਾ’ ਕਾਰਨ ਅਯੋਗ ਐਲਾਨ ਕਰ ਦਿੱਤਾ ਗਿਆ।
ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਨੇ ਦੇਰ ਰਾਤ ਇਸ ਫੈਸਲੇ ਵਿਰੁੱਧ ਅਪੀਲ ਵੀ ਦਾਇਰ ਕੀਤੀ ਪਰ ਉਸ ਨੂੰ ਵੀ ਨਾਮਨਜ਼ਰੂ ਕਰ ਦਿੱਤਾ ਗਿਆ। ਟੀਮ ਦੇ ਨਾਲ ਗਏ ਇਕ ਕੋਚ ਨੇ ਕਿਹਾ,‘‘ਹਾਂ, ਇਹ ਫੈਸਲਾ ਸੁਣਾਇਆ ਗਿਆ ਕਿ ਗੁਲਵੀਰ ਨੇ ਲੇਨ ਦੀ ਉਲੰਘਣਾ ਕੀਤੀ ਸੀ। ਏ. ਐੱਫ. ਆਈ. ਨੇ ਵਿਰੋਧ ਵੀ ਦਰਜ ਕਰਵਾਇਆ ਪਰ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ।’’
ਉਸ ਨੇ ਕਿਹਾ, ‘‘ਜਿਊਰੀ ਨੇ ਦੱਸਿਆ ਕਿ ਉਸਦੇ ਕਲ ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਗੁਲਬੀਰ ਨੇ ਲੇਨ ਦੀ ਉਲੰਘਣਾ ਕੀਤੀ ਹੈ।’’
ਨਿਯਮ 17.2 ਤੇ 17.3 ਵਿਚ ਦੱਸਿਆ ਗਿਆ ਹੈ ਕਿ ਕੋਈ ਐਥਲੀਟ ਕਿਵੇਂ ਲੇਨ ਦੀ ਉਲੰਘਣਾ ਕਰ ਸਕਦਾ ਹੈ ਤੇ ਕਿਹੜੇ ਹਾਲਾਤ ਵਿਚ ਉਸ ਨੂੰ ਯੋਗ ਨਹੀਂ ਠਹਿਰਾਇਆ ਜਾ ਸਕਦਾ ਹੈ। ਇਨ੍ਹਾਂ ਨਿਯਮਾਂ ਅਨੁਸਾਰ ਕਿਸੇ ਵੀ ਐਥਲੀਟ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤਕ ਉਸੇ ਲੇਨ ਵਿਚ ਦੌੜਨਾ ਪਵੇਗਾ ਜਿਹੜੀ ਉਸ ਨੂੰ ਮਿਲੀ ਹੋਵੇ। ਗੁਲਬੀਰ ਨੂੰ ਅਯੋਗ ਐਲਾਨ ਕੀਤੇ ਜਾਣ ਤੋਂ ਬਾਅਦ ਦੂਜੇ ਸਥਾਨ ’ਤੇ ਰਹਿਣ ਵਾਲੇ ਕ੍ਰਿਗਸਿਤਾਨ ਦੇ ਕੇਨੇਸ਼ਬੇਕੋਵ ਨੂਰਸੁਲਤਾਨ ਨੂੰ ਸੋਨਾ ਜਦਕਿ ਤੀਜੇ ਸਥਾਨ ਤੇ ਰਹਿਣ ਵਾਲੇ ਈਰਾਨ ਦੇ ਜਲੀਲ ਨਾਸੇਰੀ ਨੂੰ ਚਾਂਦੀ ਤੇ ਕਜ਼ਾਕਿਸਤਾਨ ਦੇ ਫ੍ਰੋਲੋਵਸਕੀ ਨੂੰ ਕਾਂਸੀ ਤਮਗਾ ਮਿਲਿਆ।
ਭਾਰਤ ਨੇ ਇਸ ਤਰ੍ਹਾਂ ਨਾਲ ਇਸ ਪ੍ਰਤੀਯੋਗਿਤਾ ਵਿਚ ਆਪਣੀ ਮੁਹਿੰਮ ਦਾ ਅੰਤ ਤਿੰਨ 3 ਸੋਨ ਤੇ 1 ਚਾਂਦੀ ਤਮਗੇ ਨਾਲ ਕੀਤਾ। ਸ਼ਨੀਵਾਰ ਨੂੰ ਤੇਜਿੰਦਰਪਾਲ ਸਿੰਘ ਤੂਰ ਨੂੰ ਸ਼ਾਟਪੁਟ, ਜਯੋਤੀ ਯਾਰਾਜੀ ਨੇ 100 ਮੀਟਰ ਅੜਿੱਕਾ ਦੌੜ ਤੇ ਹਰਮਿਲਨ ਬੈਂਸ ਨੇ 1500 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ ਸੀ। ਅੰਕਿਤਾ ਨੇ ਮਹਿਲਾਵਾਂ ਦੀ 3000 ਮੀਟਰ ਦੌੜ ਵਿਚ 9:26.22 ਦ ਸਮੇਂ ਨਾਲ ਚਾਂਦੀ ਤਮਗਾ ਜਿੱਤਿਆ।

Aarti dhillon

This news is Content Editor Aarti dhillon