ਦੌੜਾਂ ਦੇ ਲਿਹਾਜ ਨਾਲ ਭਾਰਤ ਦੀ ਟੈਸਟ ਇਤਿਹਾਸ ''ਚ ਚੌਥੀ ਸਭ ਤੋਂ ਵੱਡੀ ਜਿੱਤ

08/26/2019 3:47:06 AM

ਐਂਟੀਗਾ— ਭਾਰਤ ਨੇ ਇਸ ਤਰ੍ਹਾਂ ਵਿੰਡੀਜ਼ 'ਤੇ ਦੌੜਾਂ ਦੇ ਲਿਹਾਜ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰਕੇ 2 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਨੂੰ ਇਸ ਜਿੱਤ ਤੋਂ 60 ਅੰਕ ਮਿਲੇ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟਾਂ ਦੀ ਸੀਰੀਜ਼ 'ਚ ਇਕ ਟੈਸਟ ਵਿਚ ਜਿੱਤ ਤੋਂ 60 ਅੰਕ ਮਿਲਦੇ ਹਨ।  ਭਾਰਤ ਦੀ ਦੌੜਾਂ ਦੇ ਲਿਹਾਜ ਨਾਲ ਉਸਦੇ ਟੈਸਟ ਇਤਿਹਾਸ ਦੀ ਇਹ ਚੌਥੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਇਸ ਮੁਕਾਬਲੇ ਵਿਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਖੁੰਝ ਗਿਆ। ਇਸ ਤੋਂ ਪਹਿਲਾਂ ਉਸ ਨੇ ਦੱਖਣੀ ਅਫਰੀਕਾ ਨੂੰ ਚੇਨਈ ਵਿਚ 2015 ਵਿਚ 337 ਦੌੜਾਂ ਨਾਲ ਹਰਾਇਆ ਸੀ, ਜਿਹੜੀ ਉਸਦੀ ਸਭ ਤੋਂ ਵੱਡੀ ਟੈਸਟ ਜਿੱਤ ਸੀ। ਕਪਤਾਨ ਵਿਰਾਟ ਨੇ ਇਸ ਜਿੱਤ ਦੇ ਨਾਲ ਹੀ ਮਹਿੰਦਰ ਸਿੰਘ ਧੋਨੀ ਦੇ 27 ਟੈਸਟ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ।


ਉਪ ਕਪਤਾਨ ਅਜਿੰਕਯ ਰਹਾਨੇ ਤੇ ਹਨੁਮਾ ਵਿਹਾਰੀ ਦੀਆਂ ਸ਼ਾਦਨਾਰ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (7 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਆਖਰੀ ਸੈਸ਼ਨ ਵਿਚ 100 ਦੌੜਾਂ 'ਤੇ ਢੇਰ ਕਰਕੇ 318 ਦੌੜਾਂ ਦੀ ਇਤਿਹਾਕ ਜਿੱਤ ਹਾਸਲ ਕਰ ਲਈ। ਭਾਰਤ ਨੇ ਦੂਜੇ ਸੈਸ਼ਨ 'ਚ ਆਪਣੀ ਪਾਰੀ 7 ਵਿਕਟਾਂ 'ਤੇ 343 ਦੌੜਾਂ ਬਣਾ ਕੇ ਖਤਮ ਐਲਾਨ ਕਰਕੇ ਮੇਜ਼ਬਾਨ ਟੀਮ ਸਾਹਮਣੇ 419 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਵਿੰਡੀਜ਼ ਦੀ ਟੀਮ ਚਾਹ ਦੀ ਬ੍ਰੇਕ ਤਕ ਆਪਣੀਆਂ 5 ਵਿਕਟਾਂ ਸਿਰਫ 15 ਦੌੜਾਂ 'ਤੇ ਗੁਆਉਣ ਤੋਂ ਬਾਅਦ ਉੱਭਰ ਨਹੀਂ ਸਕੀ ਤੇ ਚਾਹ ਦੀ ਬ੍ਰੇਕ ਤੋਂ ਬਾਅਦ 26.5 ਓਵਰਾਂ ਵਿਚ 100 ਦੌੜਾਂ 'ਤੇ ਢੇਰ ਹੋ ਗਈ।

Gurdeep Singh

This news is Content Editor Gurdeep Singh