ਗ੍ਰੈਂਡ ਸਲੈਮ ਆਸਟਰੇਲੀਅਨ ਓਪਨ : ਫੈਡਰਰ, ਬਾਰਟੀ, ਓਸਾਕਾ ਤੇ ਸੇਰੇਨਾ ਦੂਜੇ ਦੌਰ ''ਚ

01/20/2020 6:33:29 PM

ਮੈਲਬੋਰਨ : ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ, ਨੰਬਰ ਇਕ ਆਸਟਰੇਲੀਆ ਦੀ ਐਸ਼ਲੇ ਬਾਰਟੀ, ਤੀਜੀ ਸੀਡੀ ਜਾਪਾਨ ਦੀ ਨਾਓਮੀ ਓਸਾਕਾ ਤੇ ਅੱਠਵੀਂ ਸੀਡ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਸੋਮਵਾਰ ਨੂੰ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਜਦਕਿ ਸਾਬਕਾ ਨੰਬਰ ਇਕ ਵੀਨਸ ਵਿਲੀਅਮਸ ਨੂੰ ਪਹਿਲੇ ਹੀ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 20 ਗ੍ਰੈਂਡ ਸਲੈਮ ਖਿਤਾਬਾਂ ਦੇ ਜੇਤੂ ਫੈਡਰਰ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ ਲਗਾਤਾਰ ਸੈੱਟਾਂ ਵਿਚ 6-3, 6-2, 6-2 ਨਾਲ ਹਰਾਇਆ। ਟਾਪ ਸੀਡ ਬਾਰਟੀ ਨੇ ਯੂਕ੍ਰੇਨ ਦੀ ਲੇਸੀਆ ਸੋਰੇਂਕੋ ਨੂੰ ਸਖਤ ਸੰਘਰਸ਼ ਵਿਚ 5-7, 6-1, 6-1 ਨਾਲ ਹਰਾਇਆ।

ਸਾਬਕਾ ਨੰਬਰ ਇਕ ਤੇ ਤੀਜੀ ਸੀਡ ਓਸਾਕਾ ਨੇ ਚੈੱਕ ਗਣਰਾਜ ਦੀ ਮੈਰੀ ਬੁਜਕੋਵਾ ਨੂੰ ਆਸਾਨੀ ਨਾਲ 6-2, 6-4 ਨਾਲ ਹਰਾਇਆ। ਅੱਠਵੀਂ ਸੀਡ ਸੇਰੇਨਾ ਨੇ ਰੂਸ ਦੀ ਅਨਸਤਾਸੀਆ ਪੋਤਾਪੋਵਾ ਨੂੰ 6-0, 6-3 ਨਾਲ ਹਰਾਇਆ ਪਰ ਸੇਰੇਨਾ ਦੀ ਵੱਡੀ ਭੈਣ  ਵੀਨਸ ਨੂੰ ਆਪਣੇ ਹੀ ਦੇਸ਼ ਦੀ 69ਵੀਂ ਰੈਂਕਿੰਗ ਦੇ ਖਿਡਾਰੀ ਕੋਰੀ ਗਾਫ ਤੋਂ 6-7, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਵਰਗ ਦੇ ਇਕ ਉਲਟਫੇਰ ਵਿਚ 13ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 66ਵੀਂ ਰੈਂਕਿੰਗ ਦੇ ਹੰਗਰੀ ਦੇ ਖਿਡਾਰੀ ਮਾਰਟਨ ਫੁਕਸੋਵਿਕਸ ਨੇ 4 ਸੈੱਟਾਂ ਵਿਚ 6-3, 6-7, 6-1, 7-6 ਨਾਲ ਹਰਾ ਦਿੱਤਾ।

ਮਹਿਲਾ ਵਰਗ ਵਿਚ ਸੱਤਵੀਂ ਸੀਡ ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ, ਸਾਬਕਾ ਨੰਬਰ ਇਕ ਡੈੱਨਮਾਰਕ ਦੀ ਕੈਰੋਲਿਨ ਵੋਜਨਿਆਕੀ, 14ਵੀਂ ਸੀਡ ਅਮਰੀਕਾ ਦੀ ਸੋਫੀਆ ਕੇਨਿਨ ਨੇ ਅਤੇ ਪੁਰਸ਼ ਵਰਗ ਵਿਚ ਛੇਵੀਂ ਸੀਡ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ, 8ਵੀਂ ਸੀਡ ਇਟਲੀ ਦੇ ਮਾਤੀਓ ਬੇਰੇਤਿਨੀ, 22ਵੀਂ ਸੀਡ ਅਰਜਨਟੀਨਾ ਦੇ ਗੁਇਡੋ ਪੇਲਾ ਨੇ ਦੂਜੇ ਦੌਰ ਵਿਚ ਸਥਾਨ ਬਣਾ ਲਿਆ। ਸਿਤਸਿਪਾਸ ਨੇ ਪਹਿਲੇ ਰਾਊਂਡ ਵਿਚ ਇਟਲੀ ਦੇ ਸੇਲਵਾਟੋਰ ਕਾਰੂਸੋ ਨੂੰ ਲਗਾਤਾਰ ਸੈੱਟਾਂ ਚਿ 6-0, 6-2, 6-3 ਨਾਲ ਹਰਾਇਆ ਜਦਕਿ ਬੇਰੇਤਿਨੀ ਨੇ ਆਸਟਰੇਲੀਆ ਦੇ ਐਂਡ੍ਰਿਊ ਹੈਰਿਸ ਨੂੰ 6-3, 6-1, 6-3 ਨਾਲ ਹਰਾਇਆ। 18ਵੀਂ ਸੀਡ ਬੁਲਗਾਰੀਆ ਦੇ ਗ੍ਰੇਗੋਰ ਦਿਮਿਤ੍ਰੋਵ ਨੇ ਅਰਜਨਟੀਨਾ ਦੇ ਜੁਆਨ ਇਗਨਾਸੀਓ ਲੋਨਡੇਰੋ ਨੂੰ ਚਾਰ ਸੈੱਟਾਂ ਵਿਚ 4-6, 6-2, 6-0, 6-4 ਨਾਲ ਹਰਾਇਆ।