ਸੋਨ ਤਗਮਾ ਜਿੱਤਣ 'ਤੇ ਨਵਜੋਤ ਕੌਰ ਨੂੰ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰਕਾਰੀ ਨੌਕਰੀ

03/08/2018 3:45:44 PM

ਚੰਡੀਗੜ੍ਹ, (ਬਿਊਰੋ)— ਪੰਜਾਬ ਦੀ ਨਵਜੋਤ ਕੌਰ ਦੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਣ 'ਤੇ ਪੰਜਾਬ ਸਰਕਾਰ ਵੱਲੋਂ ਉਸ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਵਜੋਤ ਕੌਰ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ। ਦੱਸ ਦਈਏ ਕਿ ਨਵਜੋਤ ਕੌਰ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸਿਪ 'ਚ ਭਾਰਤ ਵਲੋਂ ਖੇਡਦੇ ਹੋਏ ਸੋਨ ਤਗਮਾ ਜਿੱਤਿਆ ਸੀ। ਡੀ.ਐੱਸ.ਪੀ. ਰੈਂਕ ਦੀ ਮੰਗ ਕਰਨ ਵਾਲੀ ਨਵਜੋਤ ਕੌਰ ਨੇ ਸਰਕਾਰ ਦੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਹੋਈ ਮੰਤਰੀ-ਮੰਡਲ ਦੀ ਬੈਠਕ 'ਚ ਪੰਜਾਬ ਦੀ ਇਸ ਧੀ ਦੀ ਤਾਰੀਫ ਕਰਦੇ ਹੋਏ ਸਰਕਾਰੀ ਨੌਕਰੀ ਦੇਣ ਦਾ ਪ੍ਰਸਤਾਵ ਰੱਖਿਆ। 
ਨਵਜੋਤ ਕੌਰ ਨੇ ਕਿਰਗਿਸਤਾਨ ਦੇ ਬਿਸ਼ਕੇਕ 'ਚ ਹੋਈ ਚੈਂਪੀਅਨਸ਼ਿਪ 'ਚ 65 ਕਿ.ਗ੍ਰਾ ਭਾਰ ਵਰਗ 'ਚ ਸੋਨ ਤਗਮਾ ਆਪਣੇ ਨਾਂ ਕੀਤਾ ਸੀ। ਸਰਕਾਰ ਦੇ ਇਸ ਫੈਸਲੇ 'ਚ ਨਵਜੋਤ ਕੌਰ ਨੇ ਕਿਹਾ ਕਿ ਮੈਂ ਸਰਕਾਰ ਨੂੰ ਡੀ.ਐਸ.ਪੀ. ਰੈਂਕ ਦੀ ਮੰਗ ਕੀਤੀ ਸੀ। ਪਰ ਸਰਕਾਰ ਨੇ ਮੈਨੂੰ ਉੱਚ ਰੈਂਕ ਦੇਣ ਦਾ ਐਲਾਨ ਕੀਤਾ ਹੈ। ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ। ਹਾਲਾਂਕਿ ਮੇਨੂੰ ਕੀ ਰੈਂਕ ਦਿੱਤਾ ਜਾਵੇਗਾ, ਇਸ ਬਾਰੇ 'ਚ ਸਰਕਾਰ ਵਲੋਂ ਅਜੇ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।