ਛੋਟੀ ਉਮਰ ''ਚ ਵੱਡੀ ਕਾਮਯਾਬੀ ਹਾਸਲ ਕਰਨ ਦੇ ਨੇੜੇ ਗੋਲਫਰ ਸ਼ੁਭਾਂਕਰ ਸ਼ਰਮਾ

03/04/2018 10:59:59 PM

ਸਪੋਰਟਸ ਡੈਸਕ— 21 ਜੁਲਾਈ 1996 ਨੂੰ ਜਨਮੇ ਭਾਰਤੀ ਨੌਜਵਾਨ ਗੋਲਫਰ ਸ਼ੁਭਾਂਕਰ ਸ਼ਰਮਾ ਛੋਟੀ ਉਮਰ 'ਚ ਹੀ ਵੱਡੀ ਕਾਮਯਾਬੀ ਹਾਸਲ ਕਰਨ ਦੇ ਨੇੜੇ ਪਹੁੰਚ ਚੁੱਕਾ ਹੈ। ਮੌਜੂਦਾ ਸਮੇਂ 'ਚ ਚੱਲ ਰਹੀ ਵਿਸ਼ਵ ਗੋਲਫ ਚੈਂਪੀਅਨਸ਼ਿਪ 'ਚ ਤੀਜੇ ਦੌਰ ਤੋਂ ਬਾਅਦ ਸਾਰਿਆ ਨੂੰ ਹੈਰਾਨ ਕਰਦੇ ਹੋਏ ਦੋ ਸ਼ਾਟ ਦੀ ਬੜਤ ਕਾਇਮ ਰੱਖੀ। 21 ਸਾਲਾਂ ਸ਼ੁਭਾਂਕਰ ਨੇ ਤੀਜੇ ਦੌਰ 'ਚ ਅੰਡਰ 69 ਦਾ ਕਾਰਡ ਖੇਡਿਆ। ਜਿਸ ਨਾਲ ਹੁਣ ਅਗਲੇ 18 ਹੋਲ ਉਸ ਲਈ ਕਾਫੀ ਅਹਿੰਮ ਰਹਿਣਗੇ। ਜੇਕਰ ਉਹ ਇਹ ਖਿਤਾਬ ਜਿੱਤ ਜਾਂਦਾ ਹੈ ਤਾਂ ਉਹ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲਾ ਸਭ ਤੋਂ ਨੌਜਵਾਨ ਗੋਲਫਰ ਖਿਡਾਰੀ ਬਣ ਜਾਵੇਗਾ। ਇਸ ਤੋਂ ਪਹਿਲਾਂ ਪੈਟ੍ਰਿਕ ਰੀਡ ਨੇ 23 ਸਾਲ ਦੀ ਉਮਰ 'ਚ 2014 'ਚ ਇਹ ਖਿਤਾਬ ਹਾਸਲ ਕੀਤਾ ਸੀ।
ਸ਼ੁਭਾਂਕਰ 42 ਵਾਰ ਦੇ ਪੀ.ਜੀ.ਏ. ਟੂਰ ਜੇਤੂ ਫਿਲ ਮਿਕੇਲਸਨ (65), ਟਾਇਰੇਲ ਹੈਟਨ (64), ਸਰਗਿਯੋ ਗਾਸਿਆ (69) ਅਤੇ ਰਾਫਾ ਕਾਬਰੇਰਾ ਬੇਲੋ (69) 'ਤੇ ਬੜਤ ਬਣਾ ਰੱਖੀ ਹੈ। ਦੁਨੀਆ ਦੇ ਨੰਬਰ ਇਕ ਅਤੇ ਸਾਬਕਾ ਚੈਂਪੀਅਨ ਡਸਟਿਨ ਜਾਨਸਨ ਨੇ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ ਰੂਪ ਨਾਲ 6ਵੇਂ ਸਥਾਨ 'ਤੇ ਅਤੇ ਸ਼ੁਭਾਂਕਰ ਤੋਂ ਤਿੰਨ ਸ਼ਾਟ ਪਿੱਛੇ ਹੈ।
ਯੂਰੋਪੀਅਨ ਟੂਰ 'ਚ ਸ਼ੁਭਾਂਕਰ ਦਾ ਸਫਰ
ਸ਼ੁਭਾਂਕਰ ਜਦ 16 ਸਾਲ ਦਾ ਸੀ ਤਾਂ ਉਹ ਏਸ਼ੀਅਨ ਟੂਰ ਅਤੇ ਯੂਰਪੀਅਨ ਟੂਰ 'ਚ ਆਪਣਾ ਸਮਾਂ ਵਤੀਤ ਕਰਦਾ ਸੀ। ਉਹ ਹਾਲੇ ਸਿਰਫ 21 ਸਾਲ ਦਾ ਹੈ ਪਰ ਇਨ੍ਹੇ ਘੱਟ ਸਮੇਂ 'ਚ ਉਹ ਦੋ ਯੂਰੋਪੀਅਨ ਟੂਰ ਆਪਣੇ ਨਾਂ ਕਰ ਚੁੱਕਾ ਹੈ। ਉਸ ਨੇ 11 ਦਸੰਬਰ ਨੂੰ ਪਹਿਲਾਂ ਦੱਖਣੀ ਅਫਰੀਕਾ ਦੇ ਗੋਲਫਰ ਏਰਿਕ ਵੇਨ ਰੂਏਨ ਨੂੰ ਹਰਾ ਕੇ ਜੋਹਰਗ ਓਪਨ ਜਿੱਤਿਆ। ਉਸ ਨੇ 3 ਅੰਡਰ 69 ਦਾ ਕਾਰਡ ਆਖਰੀ ਦਿਨ ਖੇਡਿਆ ਅਤੇ 54 ਹੋਲ ਦੇ ਗੇਮ 'ਚ ਇਕ ਵੀ ਬੋਗੀ ਨਹੀਂ ਕੀਤੀ। ਦੱਖਣੀ ਅਫਰੀਕਾ 'ਚ ਹੋਏ ਇਸ ਟੂਰਨਾਮੈਂਟ 'ਚ ਸ਼ੁਭਾਂਕਰ ਦਾ ਸਕੋਰ -23( 69-61-65-69-264) ਰਿਹਾ। ਉਹ 3 ਸਟ੍ਰੋਕ ਦੇ ਫਰਕ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਦੂਜੇ ਯੂਰੋਪੀਅਨ ਟੂਰ 4 ਫਰਵਰੀ 2018 ਨੂੰ ਸਪੇਨ ਦੇ ਗੋਲਫਰ ਜਾਰਜ ਕੈਂਪਿਲੋ ਖਿਲਾਫ ਸਟ੍ਰੋਕ ਦੇ ਫਰਕ ਨਾਲ ਜਿੱਤ ਦਰਜ਼ ਕਰ ਕੇ ਮੇਬੈਂਕ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਸ਼ੁਭਾਂਕਰ ਨੇ ਪਹਿਲੀ ਵਾਰ ਟਾਪ 100 ਗੋਲਫਰ ਦੀ ਲਿਸਟ 'ਚ ਨਾਂ ਦਰਜ਼ ਕੀਤਾ ਸੀ।
(ਮੇਬੈਂਕ ਚੈਂਪੀਅਨਸ਼ਿਪ ਖਿਤਾਬ ਦੇ ਨਾਲ ਸ਼ੁਭਾਂਕਰ)
ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ 'ਚ ਜਿੱਤ ਦਾ ਰਿਕਾਰਡ
* 2014 ਪੀ. ਜੀ. ਟੀ. ਆਈ. ਕੋਚੀਨ ਮਾਸਟਰਸ

* 2016 ਪੀ. ਜੀ. ਟੀ. ਆਈ. ਪਲੇਅਰਸ ਚੈਂਪੀਅਨਸ਼ਿਪ, ਕੋਲਕਾਤਾ ਕਲਾਸਿਕ, ਟਾਟਾ ਓਪਨ

* 2017 ਓਪਨ ਗੋਲਫ ਚੈਂਪੀਅਨਸ਼ਿਪ, ਮੈਕਲਿਓਡ ਰਸੇਲ ਟੂਰਨਾਮੈਂਟ ਚੈਂਪੀਅਨਸ਼ਿਪ

ਸ਼ੁਭਾਂਕਰ ਦੀ ਕਾਮਯਾਬੀ ਦੇ ਪਿੱਛੇ ਅਨਿਵਰਨ ਲਾਹਿੜੀ ਦੇ ਪਿਤਾ ਦਾ ਹੱਥ
ਸ਼ੁਭਾਂਕਰ ਨੂੰ ਇਕ ਬਿਹਤਰੀਨ ਗੋਲਫਰ ਬਣਾਉਣ ਪਿੱਛੇ ਅਨਿਵਰਨ ਲਾਹਿੜੀ ਦੇ ਪਿਤਾ ਤੁਛਾਰ ਲਾਹਿੜੀ ਦਾ ਵੱਡਾ ਹੱਥ ਹੈ। ਲਾਹਿੜੀ ਅਤੇ ਸ਼ੁਭਾਂਕਰ ਦੇ ਪਿਤਾ ਮੋਹਨ ਲਾਲ ਸ਼ਰਮਾ ਭਾਰਤੀ ਸੈਨਾ ਦੇ ਮੈਂਬਰ ਸਨ ਅਤੇ ਦੋਵੇਂ ਇਕ ਹੀ ਕੈਂਪ 'ਚ ਤਾਇਨਾਤ ਸਨ। ਲਾਹਿੜੀ ਦੇ ਪਿਤਾ ਡਾਕਟਰ ਸਨ ਜਿਸ ਨੇ ਸ਼ੁਭਾਂਕਰ ਦੀ ਛੋਟੀ ਭੈਣ ਦਾ ਡਿਲੀਵਰੀ ਕੇਸ ਸੰਭਾਲਿਆ ਸੀ। ਜ਼ਿਕਰਯੋਗ ਹੈ ਕਿ ਡਾ ਲਾਹਿੜੀ ਨੇ ਸ਼ੁਭਾਂਕਰ ਨਾਲ ਮਿਲ ਕੇ ਬਾਅਦ 'ਚ ਉਸ ਦੇ ਪਿਤਾ ਮੋਹਨ ਨੂੰ ਕਿਹਾ ਸੀ ਕਿ ਉਹ ਆਪਣੇ ਬੇਟੇ ਨੂੰ ਗੋਲਫਰ ਦਾ ਖਿਡਾਰੀ ਬਣਾਏ। ਸ਼ਰਮਾ ਪਰਿਵਾਰ 'ਚ ਕੋਈ ਵੀ ਕਦੇ ਗੋਲਫ ਨਹੀਂ ਖੇਡਿਆ ਹੋਇਆ ਸੀ ਪਰ ਸ਼ੁਭਾਂਕਰ ਨੇ 7 ਸਾਲ ਦੀ ਉਮਰ 'ਚ ਹੀ ਗੋਲਫ ਦੇ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ ਅਤੇ ਹੁਣ ਉਹ ਮੌਜੂਦਾ ਵਿਸ਼ਵ ਗੋਲਫ ਚੈਂਪੀਅਨਸ਼ਿਪ 'ਚ ਸਭ ਤੋਂ ਵੱਡਾ ਖਿਡਾਰੀ ਉਭਰ ਕੇ ਸਾਹਮਣੇ ਆਇਆ ਹੈ।
ਰੈਕਿੰਗ 'ਚ ਵੀ ਲਗਾਈ ਵੱਡੀ ਉਛਾਲ
ਦੋ ਵਾਰ ਯੂਰੋਪੀਅਨ ਟੂਰ ਜਿੱਤਣ ਵਾਲੇ ਸ਼ੁਭਾਂਕਰ ਨੇ ਗੋਲਫ ਰੈਕਿੰਗ 'ਚ ਵੱਡੀ ਛਲਾਗ ਲਗਾਈ ਹੈ। ਉਹ ਵਿਸ਼ਵ ਚੈਂਪੀਅਨਸ਼ਿਪ 'ਚ ਵਧੀਆ ਪ੍ਰਦਰਸ਼ਨ ਕਰ ਕੇ 75ਵੇਂ ਰੈਕਿੰਗ ਸਥਾਨ 'ਤੇ ਆ ਚੁੱਕਾ ਹੈ। ਇਸ ਦੇ ਨਾਲ ਉਹ  ਅਨਿਵਰਨ ਲਾਹਿੜੀ ਨੂੰ ਪਿੱਛੇ ਛੱਡ ਕੇ ਭਾਰਤ ਦੇ ਟਾਪ ਰੈਕਿੰਗ ਦਾ ਗੋਲਫਰ ਬਣ ਚੁੱਕਾ ਹੈ। ਲਾਹਿੜੀ ਇਕ ਭਾਰਤੀ ਪ੍ਰੋਫੈਸ਼ਨਲ ਗੋਲਫਰ ਹੈ। ਉਹ ਯੂਰੋਪੀਅਨ, ਏਸ਼ੀਅਨ ਅਤੇ ਪੀ.ਜੀ.ਏ. ਟੂਰ 'ਚ ਖੇਡਦਾ ਹੈ। ਉਸ ਨੇ 2016  ਗ੍ਰੀਥਮਕਾਲੀਨ ਓਲਮਪਿਕ ਖੇਡਾਂ 'ਚ ਕੁਆਲੀਫਾਈ ਕੀਤਾ ਸੀ।