'ਗੋਲਡਨ ਬੁਆਏ' ਨੀਰਜ ਚੋਪੜਾ ਕਰਨਗੇ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਸ਼ੁਰੂਆਤ

12/02/2021 12:01:47 PM

ਨਵੀਂ ਦਿੱਲੀ (ਭਾਸ਼ਾ)- ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ 4 ਦਸੰਬਰ ਨੂੰ ਅਹਿਮਦਾਬਾਦ ਦੇ ਸੰਸਕਾਰਧਾਮ ਸਕੂਲ ਦਾ ਦੌਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਸੰਤੁਲਿਤ ਭੋਜਨ, ਫਿੱਟਨੈੱਸ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਫੈਲਾਉਣਗੇ। ਮੋਦੀ ਨੇ 16 ਅਗਸਤ ਨੂੰ ਆਪਣੇ ਨਿਵਾਸ ’ਤੇ ਟੋਕੀਓ ਓਲੰਪੀਅਨ ਦੇ ਨਾਲ ਮੁਲਾਕਾਤ ਦੌਰਾਨ ਭਾਰਤੀ ਓਲੰਪੀਅਨ ਅਤੇ ਪੈਰਾ-ਓਲੰਪੀਅਨ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ’ਚੋਂ ਹਰ ਕੋਈ 2023 ’ਚ ਸਵਤੰਤਰਤਾ ਦਿਵਸ ਤੋਂ ਪਹਿਲਾਂ 75 ਸਕੂਲਾਂ ਦਾ ਦੌਰਾ ਕਰੇ ਅਤੇ ਕੁਪੋਸ਼ਣ ਖਿਲਾਫ਼ ਜਾਗਰੂਕਤਾ ਫੈਲਾਏ ਅਤੇ ਸਕੂਲੀ ਬੱਚਿਆਂ ਨਾਲ ਖੇਡੇ।

ਇਹ ਵੀ ਪੜ੍ਹੋ :  ICC ਟੈਸਟ ਖਿਡਾਰੀਆਂ ਦੀ ਰੈਂਕਿੰਗ ’ਚ ਰੋਹਿਤ, ਕੋਹਲੀ, ਅਸ਼ਵਿਨ ਆਪਣੇ ਸਥਾਨ ’ਤੇ ਬਰਕਰਾਰ

ਬੁੱਧਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕੀਤਾ ਕਿ ਜੈਵਲਿਨ ਥ੍ਰੋ (ਭਾਲਾ ਸੁੱਟਣਾ) ਖਿਡਾਰੀ ਚੋਪੜਾ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਸ਼ੁਰੂਆਤ ਕਰਨਗੇ। ਠਾਕੁਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਡੇ ਓਲੰਪੀਅਨਾਂ ਅਤੇ ਪੈਰਾਲੰਪੀਅਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਕੂਲਾਂ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਨਾਲ ਸੰਤੁਲਿਤ ਖ਼ੁਰਾਕ, ਫਿਟਨੈੱਸ, ਖੇਡਾਂ ਅਤੇ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਗੱਲਬਾਤ ਕਰਨ। 4 ਦਸੰਬਰ ਨੂੰ ਨੀਰਜ ਚੋਪੜਾ ਅਹਿਮਦਾਬਾਦ ਦੇ ਸੰਸਕਾਰਧਾਮ ਸਕੂਲ ਵਿਚ ਇਸ ਮਿਸ਼ਨ ਦੀ ਸ਼ੁਰੂਆਤ ਕਰਨਗੇ।' ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਅਤੇ ਸਿੱਖਿਆ ਮੰਤਰਾਲਾ ਇਸ ਨੂੰ ਅਗਲੇ ਦੋ ਸਾਲ ਵਿਚ 'ਮੀਟ ਦਿ ਚੈਂਪੀਅਨਜ਼' ਪ੍ਰੋਗਰਾਮ ਦੇ ਰੂਪ ਵਿਚ ਚਲਾਉਣ 'ਤੇ ਕੰਮ ਕਰ ਰਹੇ ਹਨ। ਇਹ ਸਮਾਗਮ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਿੱਸਾ ਹੋਵੇਗਾ, ਜੋ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਹੈ। ਚੋਪੜਾ ਨੇ ਟੋਕੀਓ ਖੇਡਾਂ ਵਿਚ 87.58 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ ਸੀ। ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੇ ਦੇਸ਼ ਲਈ ਰਿਕਾਰਡ ਤਗਮੇ ਜਿੱਤੇ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry