ਗੋਆ ਨੇ ਚੇਨਈਅਨ ਐੱਫ. ਸੀ. ਨੂੰ 3-2 ਨਾਲ ਹਰਾਇਆ

11/20/2017 4:51:33 AM

ਚੇਨਈ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀਆਂ ਦੋ ਸਖਤ ਵਿਰੋਧੀ ਟੀਮਾਂ ਚੇਨਈਅਨ ਐੱਫ. ਸੀ. ਤੇ ਐੱਫ. ਸੀ. ਗੋਆ ਵਿਚਾਲੇ ਐਤਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਗਏ ਰੋਮਾਂਚਕ ਮੈਚ ਵਿਚ ਗੋਆ ਨੇ 3-2 ਨਾਲ ਜਿੱਤ ਹਾਸਲ ਕੀਤੀ। ਆਈ. ਐੱਸ. ਐੱਲ. ਦੇ ਇਸ ਸੈਸ਼ਨ ਦਾ ਇਹ ਪਹਿਲਾ ਮੈਚ ਸੀ, ਜਿਸ ਦਾ ਨਤੀਜਾ ਨਿਕਲਿਆ।
ਗੋਆ ਲਈ ਫੇਰਾਰਨ ਕੋਰੋਮਿਨਾਸ ਨੇ 25ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਦਾ ਖਾਤਾ ਖੋਲ੍ਹਿਆ। ਮੈਨੂਏਲ ਲਾਨਜਾਰੋਟੇ ਨੇ 29ਵੇਂ ਮਿੰਟ ਵਿਚ ਟੀਮ ਲਈ ਦੂਜਾ ਗੋਲ ਕੀਤਾ। ਇਸ ਤੋਂ ਬਾਅਦ 39ਵੇਂ ਮਿੰਟ ਵਿਚ ਮੈਨਯੂਏਲ ਬਰੂਨੋ ਦੇ ਗੋਲ ਨਾਲ ਗੋਆ ਪਹਿਲੇ ਹਾਫ ਵਿਚ 3-0 ਨਾਲ ਅੱਗੇ ਹੋਈ। ਚੇਨਈਅਨ ਐੱਫ. ਸੀ. ਨੇ ਦੂਜੇ ਹਾਫ ਵਿਚ ਜ਼ੋਰਦਾਰ ਵਾਪਸੀ ਕੀਤੀ। ਟੀਮ ਲਈ 70ਵੇਂ ਮਿੰਟ ਵਿਚ ਇਨਿਗੋ ਕਾਲਡੇਰੋਨ ਨੇ ਪਹਿਲਾ ਤੇ 84ਵੇਂ ਮਿੰਟ ਵਿਚ ਰਾਫੇਲ ਅਗਸਤੋ ਨੇ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਹਾਰ ਦੇ ਫਰਕ ਨੂੰ ਘੱਟ ਕੀਤਾ।