ਗੋਲਡ ਕੋਸਟ ਉਦਘਾਟਨ ਸਮਾਰੋਹ 'ਚ ਦਿਖੀ ਆਸਟ੍ਰੇਲੀਆ ਦੇ ਇਤਿਹਾਸ ਦੀ ਝਲਕ, ਤਸਵੀਰਾਂ

04/05/2018 6:00:17 AM

ਗੋਲਡ ਕੋਸਟ (ਯੂ. ਐੱਨ. ਆਈ., ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦੇ ਗੋਲਡ ਕੋਸਟ ਦੇ ਕੈਰਾਰਾ ਸਟੇਡੀਅਮ 'ਚ ਅੱਜ ਜਗਮਗਾਉਂਦੀ ਧਰਤੀ 'ਤੇ ਆਸਟਰੇਲੀਆ ਦੇ ਨਕਸ਼ੇ ਨੂੰ ਉਕੇਰ ਕੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਮੇਜ਼ਬਾਨ ਦੇਸ਼ ਦੇ ਇਤਿਹਾਸ ਅਤੇ ਸੰਸਕ੍ਰਿਤੀ ਦੀ ਝਲਕ ਨੇ ਦੁਨੀਆ ਨੂੰ ਮੰਤਰ-ਮੁਗਧ ਕਰ ਦਿੱਤਾ।


ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਦੀ ਅਗਵਾਈ ਵਿਚ ਜਿਵੇਂ ਹੀ ਭਾਰਤੀ ਦਲ ਮਾਰਚ ਪਾਸਟ ਦੌਰਾਨ ਮੰਚ ਦੇ ਸਾਹਮਣਿਓਂ ਲੰਘਿਆ ਤਾਂ 25 ਹਜ਼ਾਰ ਦਰਸ਼ਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸ਼ਾਨਦਾਰ ਸਵਾਗਤ ਕੀਤਾ। ਆਸਟਰੇਲੀਆ 'ਚ ਉਦਘਾਟਨ ਸਮਾਰੋਹ ਦੇ ਨਾਲ ਹੀ 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋ ਗਈ। 11 ਦਿਨ ਤਕ ਚੱਲਣ ਵਾਲੇ ਇਸ ਮਹਾਕੁੰਭ 'ਚ 71 ਦੇਸ਼ਾਂ ਦੇ 6600 ਐਥਲੀਟ 23 ਖੇਡਾਂ 'ਚ 275 ਸੋਨ ਤਮਗਿਆਂ ਲਈ ਜ਼ੋਰ-ਅਜ਼ਮਾਇਸ਼ ਕਰਨਗੇ। ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ਨੂੰ ਆਖਰੀ ਸਮੇਂ ਤਕ ਗੁਪਤ ਰੱਖਿਆ ਗਿਆ ਸੀ। ਹਾਲਾਂਕਿ ਇਸ ਦੀ ਝਲਕ ਮੇਜ਼ਬਾਨ ਦੇਸ਼ ਦੇ ਟੀ. ਵੀ. ਚੈਨਲ ਨੇ ਲੀਕ ਵੀ ਕਰ ਦਿੱਤੀ ਸੀ ਪਰ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਉਦਘਾਟਨ ਸਮਾਰੋਹ 'ਚ ਧਰਤੀ ਦੀ ਜਗਮਗਾਹਟ ਤੋਂ ਬਾਅਦ ਸਟੇਡੀਅਮ 'ਚ ਨੀਲੀ ਰੌਸ਼ਨੀ ਵਿਚਾਲੇ ਆਦੀਵਾਸੀ ਪਹਿਰਾਵਿਆਂ ਵਿਚ ਕਲਾਕਾਰਾਂ ਨੇ ਆਸਟਰੇਲੀਆ ਦੇ ਇਤਿਹਾਸ ਨੂੰ ਦੁਨੀਆ ਸਾਹਮਣੇ ਰੱਖ ਦਿੱਤਾ।


ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ, ਬ੍ਰਿਟੇਨ ਦੇ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੇ ਪ੍ਰਧਾਨ ਪੀਟਰ ਬਿਏਟੀ ਮੰਚ 'ਤੇ ਪਹੁੰਚੇ। ਰਾਸ਼ਟਰਮੰਡਲ ਖੇਡਾਂ ਦੀ ਬੈਟਨ ਨੇ ਫਿਰ ਸਟੇਡੀਅਮ 'ਚ ਪ੍ਰਵੇਸ਼ ਕੀਤਾ। ਇਹ ਬੈਟਨ 71 ਦੇਸ਼ਾਂ ਦਾ ਸਫਰ ਤਹਿ ਕਰਦੇ ਹੋਏ ਵਾਪਸ ਗੋਲਡ ਕੋਸਟ ਪਹੁੰਚੀ ਹੈ। ਇਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਦਾ ਮਾਰਚ ਪਾਸਟ ਸ਼ੁਰੂ ਹੋਇਆ। ਹਰ ਦੇਸ਼ ਦੇ ਦਲ ਦੇ ਅੱਗੇ ਇਕ ਨੌਜਵਾਨ ਹੱਥ ਵਿਚ  ਸਰਫਿੰਗ ਬੋਰਡ ਲੈ ਕੇ ਚੱਲ ਰਿਹਾ ਸੀ, ਜਿਸ 'ਤੇ ਦੇਸ਼ ਦਾ ਨਾਂ ਲਿਖਿਆ ਸੀ।