ਘੋਸ਼ ਨੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਲੜਕੀ ਨਾਲ ਕੀਤਾ ਵਿਆਹ

08/07/2018 4:01:42 AM

ਨਵੀਂ ਦਿੱਲੀ- ਭਾਰਤੀ ਟੇਬਲ ਟੈਨਿਸ ਖਿਡਾਰੀ ਸੌਮਿਆਜੀਤ ਘੋਸ਼ ਨੇ ਉਸ ਲੜਕੀ ਨਾਲ ਵਿਆਹ ਕਰ ਲਿਆ ਹੈ, ਜਿਸ ਨੇ ਚਾਰ ਮਹੀਨੇ ਪਹਿਲਾਂ ਉਸ 'ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਸੀ। ਵਿਸ਼ਵ ਰੈਂਕਿੰਗ ਵਿਚ ਕਰੀਅਰ ਦੇ ਸਰਵਸ੍ਰੇਸ਼ਠ 58ਵੇਂ ਸਥਾਨ 'ਤੇ ਪਹੁੰਚਣ ਵਾਲੇ ਘੋਸ਼ 'ਤੇ 18 ਸਾਲ ਦੀ ਲੜਕੀ ਨੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ 25 ਸਾਲ ਦੇ ਇਸ ਟੇਬਲ ਟੈਨਿਸ ਖਿਡਾਰੀ ਨੂੰ ਰਾਸ਼ਟਰਮੰਡਲ ਖੇਡਾਂ ਲਈ ਚੁਣੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਨੂੰ ਆਗਾਮੀ ਏਸ਼ੀਆਈ ਖੇਡਾਂ ਦੀ ਟੀਮ ਵਿਚ ਵੀ ਜਗ੍ਹਾ ਨਹੀਂ ਮਿਲੀ ਹੈ।
ਘੋਸ਼ ਨੂੰ ਉਮੀਦ ਹੈ ਕਿ ਅਦਾਲਤ ਵਿਚ ਚੱਲ ਰਹੇ ਉਸ ਦੇ ਮਾਮਲੇ ਦੀ ਸੁਣਵਾਈ ਜਲਦ ਪੂਰੀ ਹੋਵੇਗੀ ਤੇ ਉਹ ਇਸ ਖੇਡ ਵਿਚ ਵਾਪਸੀ ਕਰੇਗਾ। ਘੋਸ਼ ਨੇ ਕਿਹਾ ਕਿ ਉਸ ਦਾ ਟੀਚਾ ਆਪਣੇ ਤੀਜੇ ਓਲੰਪਿਕ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਹੈ। ਲੰਡਨ ਤੇ ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਇਸ ਖਿਡਾਰੀ ਨੇ ਕਿਹਾ, ''ਮੇਰਾ ਟੀਚਾ ਤੀਜੇ ਓਲੰਪਿਕ ਵਿਚ ਖੇਡਣਾ ਹੈ ਪਰ ਅਜੇ ਸਾਰਾ ਧਿਆਨ ਕਾਨੂੰਨੀ ਦਾਅ-ਪੇਚ 'ਤੇ ਹੈ। ਮੇਰਾ ਭਾਰ ਵੀ ਕਾਫੀ ਵਧ ਗਿਆ ਹੈ। ਵਾਪਸੀ ਕਰਨਾ ਮੁਸ਼ਕਿਲ ਹੋਵੇਗਾ ਪਰ ਇਸ ਦਾ ਤਰੀਕਾ ਲੱਭਣਾ ਪਵੇਗਾ।''
ਉਸ ਨੇ ਕਿਹਾ, ''ਹਰ ਕੋਈ ਲੜਕੀ ਬਾਰੇ ਸੋਚ ਰਿਹਾ ਸੀ। ਉਹ ਜਵਾਨ ਹੈ। ਮੈਂ ਵੀ ਜਵਾਨ ਹਾਂ। ਜਦੋਂ ਅਸੀਂ ਡੇਟਿੰਗ ਸ਼ੁਰੂ ਕੀਤੀ, ਉਦੋਂ ਉਹ ਨਾਬਾਲਗ ਸੀ, ਮੈਂ 22 ਸਾਲ ਦਾ ਸੀ। ਮੈਂ ਹੁਣ ਵੀ ਜਵਾਨ ਹਾਂ। ਹੁਣ ਮੈਂ ਪਿੱਛੇ ਨਹੀਂ ਦੇਖਣਾ ਚਾਹੁੰਦਾ ਹਾਂ, ਭਵਿੱਖ 'ਤੇ ਧਿਆਨ ਲਾਉਣਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਅਦਾਲਤ ਵਿਚ ਇਹ ਮਾਮਲਾ ਜਲਦ ਸੁਲਝ ਜਾਵੇਗਾ ਤੇ ਮੈਂ ਅਭਿਆਸ ਕਰ ਸਕਾਂਗਾ।'' ਘੋਸ਼ ਵਿਰੁੱਧ ਜਦੋਂ ਇਹ ਮਾਮਲਾ ਦਰਜ ਹੋਇਆ ਸੀ, ਉਦੋਂ ਉਹ ਜਰਮਨੀ ਵਿਚ ਖੇਡ ਰਿਹਾ ਸੀ। ਭਾਰਤ ਵਿਚ ਉਹ ਗ੍ਰਿਫਤਾਰੀ ਤੋਂ ਬਚਣ ਲਈ ਯੂਰਪ ਦੇ 3-4 ਵੱਖ-ਵੱਖ ਦੇਸ਼ਾਂ ਵਿਚ ਹੀ ਰੁਕਿਆ ਰਿਹਾ ਤੇ ਮਈ 'ਚ ਵਤਨ ਪਰਤ ਆਇਆ।