ਗਰਮੀ ਤੇ ਹੁੰਮਸ ਨੂੰ ਲੈ ਕੇ ਜਰਮਨੀ ਦਾ ਕੋਚ ਚਿੰਤਤ ਨਹੀਂ

10/19/2017 3:00:58 AM

ਕੋਲਕਾਤਾ- ਜਰਮਨੀ ਦੇ ਕੋਚ ਕ੍ਰਿਸਟੀਅਨ ਵੂਏਕ ਇੱਥੋਂ ਦੇ ਥਕਾ ਦੇਣ ਵਾਲੇ ਗਰਮ ਤੇ ਹੁੰਮਸ ਭਰੇ ਮੌਸਮ ਤੋਂ ਪ੍ਰੇਸ਼ਾਨ ਨਹੀਂ ਹੈ ਤੇ ਉਸ ਨੇ ਉਮੀਦ ਪ੍ਰਗਟਾਈ ਹੈ ਕਿ 22 ਅਕਤੂਬਰ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਕੁਆਰਟਰ ਫਾਈਨਲ ਦੌਰਾਨ ਮੈਦਾਨ ਨੂੰ ਲੈ ਕੇ ਕੋਈ ਮੁਸ਼ਕਿਲ ਨਹੀਂ ਹੋਵੇਗੀ।
ਜਰਮਨੀ ਨੇ ਆਪਣੇ ਲੀਗ ਮੈਚ ਵਿਚ ਕੋਚੀ ਤੇ ਗੋਆ ਜਦਕਿ ਪ੍ਰੀ ਕੁਆਰਟਰ ਫਾਈਨਲ ਨਵੀਂ ਦਿੱਲੀ ਵਿਚ ਖੇਡਿਆ ਹੈ, ਜਿੱਥੇ ਟੀਮ ਨੇ ਕੋਲੰਬੀਆ ਨੂੰ 4-0 ਨਾਲ ਹਰਾਇਆ।
ਵੂਏਕ ਨੇ ਬੁੱਧਵਾਰ ਨੂੰ ਇੱਥੇ ਟੀਮ ਦੇ ਪਹਿਲੇ ਅਭਿਆਸ ਸੈਸ਼ਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਅਸੀਂ ਕਿੱਥੇ ਖੇਡ ਰਹੇ ਹਾਂ, ਮਹੱਤਵਪੂਰਨ ਇਹ ਹੈ ਕਿ ਮੈਦਾਨ ਚੰਗਾ ਹੋਵੇ। ਮੈਨੂੰ ਲੱਗਦਾ ਹੈ ਕਿ ਦਿੱਲੀ ਦਾ ਮੈਦਾਨ ਕਾਫੀ ਚੰਗਾ ਸੀ। ਇੱਥੋਂ ਦਾ ਮੈਦਾਨ ਵੀ ਚੰਗਾ ਹੈ।
ਵੂਏਕ 2012 ਤੋਂ ਜਰਮਨ ਫੁੱਟਬਾਲ ਸੰਘ ਨਾਲ ਜੁੜਿਆ ਹੋਇਆ ਹੈ ਤੇ ਇਸ ਦੌਰਾਨ ਉਹ ਅੰਡਰ-16 ਤੇ ਅੰਡਰ-17 ਟੀਮ ਦਾ ਇੰਚਾਰਜ ਰਿਹਾ ਹੈ। ਉਸ ਦੀ ਟੀਮ ਯੂਏਫਾ ਅੰਡਰ-17 ਯੂਰਪੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਫਰਾਂਸ ਤੋਂ 1-4 ਨਾਲ ਹਾਰ ਗਈ ਸੀ। ਕੋਚ ਨੇ ਨਾਲ ਹੀ ਕਿਹਾ ਕਿ ਉਹ ਅੰਡਰ-17 ਵਿਸ਼ਵ ਕੱਪ ਵਿਚ ਆਪਣੇ ਖਰਾਬ ਰਿਕਾਰਡ ਤੋਂ ਪ੍ਰੇਸ਼ਾਨ ਨਹੀਂ ਹੈ।