ਆਸਟਰੇਲੀਆ ਦਾ ਸਾਬਕਾ ਟੀ-20 ਕਪਤਾਨ ਜਾਰਜ ਬੇਲੀ ਬਣਿਆ ਰਾਸ਼ਟਰੀ ਟੀਮ ਦਾ ਚੋਣਕਾਰ

11/27/2019 5:39:33 PM

ਸਪੋਰਟਸ ਡੈਸਕ— ਕ੍ਰਿਕਟ ਆਸਟਰੇਲੀਆ ਨੇ ਸਾਬਕਾ ਕਪਤਾਨ ਜਾਰਜ ਬੇਲੀ ਨੂੰ ਨੈਸ਼ਨਲ ਟੀਮ ਦੇ ਚੋਣਕਰਤਾ ਪੈਨਲ 'ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਬੁੱਧਵਾਰ ਨੂੰ ਇਸ ਗੱਲ ਦਾ ਐਲਾਨ ਕਰਦੇ ਹੋਏ ਕ੍ਰਿਕਟ ਆਸਟਰੇਲੀਆ ਨੇ ਦੱਸਿਆ ਕਿ ਬੇਲੀ ਬੀਗ ਬੈਸ਼ ਲੀਗ ਦੇ ਖਤਮ ਹੋਣ ਤੋਂ ਬਾਅਦ ਆਸਟਰੇਲੀਆ ਦੀ ਪੁਰਸ਼ ਟੀਮ ਦੇ ਚੋਣਕਾਰ ਪੈਨਲ ਨੂੰ ਜੁਆਇੰਨ ਕਰਣਗੇ।
37 ਸਾਲ ਦੇ ਜਾਰਜ ਬੇਲੀ ਦੇ ਕੋਲ ਟੀ-20 ਅਤੇ ਵਨ-ਡੇ 'ਚ ਆਸਟਰੇਲੀਆ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਦਾ ਅਨੁਭਵ ਹੈ। ਇਸ ਸਮੇਂ ਉਹ ਆਸਟਰੇਲੀਆ 'ਚ ਖੇਡੀ ਜਾ ਰਹੀ ਟੀ20 ਲੀਗ ਬੀਗ ਬੈਸ਼ 'ਚ ਹੋਬਾਰਟ ਹਰਿਕੇਨ ਦੀ ਕਪਤਾਨੀ ਕਰ ਰਹੇ ਹਨ। ਆਸਟਰੇਲੀਆ ਦੇ ਵਲੋਂ ਜਾਰਜ ਬੇਲੀ ਨੇ ਸਿਰਫ਼ 5 ਕੌਮਾਂਤਰੀ ਟੈਸਟ ਮੈਚ ਹੀ ਖੇਡੇ ਹਨ। 90 ਵਨ-ਡੇ ਮੈਚ ਖੇਡਣ ਵਾਲੇ ਬੇਲੀ ਦੇ ਨਾਂ 3044 ਦੌੜਾਂ ਹਨ ਜਦੋਂ ਕਿ 30 ਟੀ-20 ਮੁਕਾਬਲੇ ਖੇਡ ਕੇ ਉਨ੍ਹਾਂ ਨੇ ਕੁੱਲ 473 ਦੌੜਾਂ ਬਣਾਈਆਂ ਹਨ। ਉਥੇ ਹੀ 5 ਟੈਸਟ ਮੈਚ ਦੀ 8 ਪਾਰੀ 'ਚ ਬੇਲੀ ਦੇ ਨਾਂ ਸਿਰਫ਼ 183 ਦੌੜਾਂ ਹਨ। ਵਨ-ਡੇ 'ਚ ਬੇਲੀ ਦਾ ਸਭ ਤੋਂ ਜ਼ਿਆਦਾ ਸਕੋਰ 156 ਦੌੜਾਂ ਦਾ ਹੈ, ਜਦ ਕਿ 63 ਅਤੇ ਟੈਸਟ ਮੈਚ 'ਚ 53 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਸਾਲ 2017 'ਚ ਉਨ੍ਹਾਂ ਨੇ ਆਖਰੀ ਵਾਰ ਆਸਟਰੇਲੀਆ ਦੇ ਵੱਲੋਂ ਮੈਚ ਖੇਡਿਆ ਸੀ। 

ਬੁੱਧਵਾਰ ਨੂੰ ਕ੍ਰਿਕਟ ਆਸਟਰੇਲੀਆ ਨੇ ਦੱਸਿਆ ਕਿ ਅੱਜ ਜਾਰਜ ਬੇਲੀ ਨੂੰ ਪੁਰਸ਼ ਟੀਮ ਦੇ ਚੋਣਕਾਰ ਪੈਨਲ ਦਾ ਮੈਂਬਰ ਬਣਾਏ ਜਾਣ ਦਾ ਫੈਸਲਾ ਲਿਆ ਗਿਆ। ਬੇਲੀ ਸ਼ੁਰੂਆਤ 'ਚ ਰਾਸ਼ਟਰੀ ਟੀਮ ਦੇ ਸਲਾਹਕਾਰ ਦੇ ਤੌਰ 'ਤੇ ਕੰਮ ਕਰਨਗੇ। ਉਹ ਨੈਸ਼ਨਲ ਟੀਮ ਦੇ EGM ਬੇਨ ਓਲਿਵਰ ਦੇ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ ਆਸਟਰੇਲੀਆ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਅਤੇ ਰਾਸ਼ਟਰੀ ਚੋਣਕਾਰ ਟਰੇਵਰ ਹਾਂਸ ਇਸ ਪੈਨਲ 'ਚ ਸ਼ਾਮਲ ਹੋਏ ਸਨ।

ਓਲਿਵਰ ਨੇ ਬੇਲੀ ਬਾਰੇ 'ਚ ਕਿਹਾ, ਰਾਸ਼ਟਰੀ ਚੋਣਕਾਰ ਪੈਨਲ 'ਚ ਬੇਲੀ ਦੇ ਆਉਣ ਨਾਲ ਕਾਫ਼ੀ ਉਤਸ਼ਾਹਤ ਹਾਂ। ਉਹ ਇਕ ਸ਼ਾਨਦਾਰ ਲੀਡਰ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਉਨ੍ਹਾਂ ਦੇ ਪ੍ਰਤੀ ਕਾਫ਼ੀ ਸਨਮਾਨ ਹੈ ਅਤੇ ਉਹ ਇਸ ਖੇਡ ਦੇ ਪ੍ਰਤੀ ਬੇਹੱਦ ਕਮਾਲ ਦੀ ਸੋਚ ਰੱਖਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, ਜਾਰਜ ਦਾ ਅੰਤਰਰਾਸ਼ਟਰੀ ਅਤੇ ਘਰੇਲੂ ਕਰੀਅਰ ਉਨ੍ਹਾਂ ਦੇ ਬਾਰੇ 'ਚ ਸਭ ਕੁਝ ਦੱਸ ਦਿੰਦਾ ਹੈ। ਖੇਡ ਦੇ ਸਾਰੇ ਫਾਰਮੈਟ 'ਚ ਉਨ੍ਹਾਂ ਦਾ ਅਨੁਭਵ ਅਤੇ ਡੂੰਘਾ ਗਿਆਨ ਕਾਫ਼ੀ ਅਹਿਮ ਸਾਬਤ ਹੋਵੇਗਾ ਕਿਉਂਕਿ ਕੁਝ ਮਹੀਨਿਆਂ 'ਚ ਸਾਨੂੰ ਟੀ-20 ਵਰਲਡ ਕੱਪ ਦੀ ਮੇਜ਼ਬਾਨੀ ਕਰਨੀ ਹੈ।