ਹੁਣ BCCI 'ਚ ਵੀ ਚੱਲੇਗੀ 'ਦਾਦਾਗਿਰੀ', ਸਾਬਕਾ ਕ੍ਰਿਕਟਰ ਗਾਂਗੁਲੀ ਦਾ ਪ੍ਰਧਾਨ ਬਣਨਾ ਤੈਅ

10/14/2019 11:35:08 AM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਬੰਗਾਲ ਟਾਈਗਰ ਦੇ ਨਾਂ ਤੋਂ ਜਾਣੇ ਜਾਣ ਵਾਲੇ ਸੌਰਵ ਗਾਂਗੁਲੀ ਦਾ ਨਾਂ ਹਰ ਕੋਈ ਜਾਣਦਾ ਹੈ। ਮੈਚ ਫਿਕਸਿੰਗ ਦੇ ਦਲਦਲ 'ਚ ਫਸੀ ਭਾਰਤੀ ਟੀਮ ਨੂੰ ਬਾਹਰ ਕੱਡ ਕੇ ਆਪਣੀ ਕਪਤਾਨੀ ਵਿਚ ਨਵੀਂਆਂ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਸੌਰਵ ਗਾਂਗੁਲੀ ਹੁਣ  ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਹਨ। ਇਸ ਮੌਕੇ 'ਤੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦੇ ਭਵਿੱਖ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਸ ਦੇ ਲਈ ਇਹ ਕੁਝ ਕਰਨ ਦਾ ਸੁਨਿਹਰੀ ਮੌਕਾ ਹੈ ਕਿਉਂਕਿ ਉਹ ਅਜਿਹੇ ਸਮੇਂ ਬੀ. ਸੀ. ਸੀ. ਆਈ. ਦੀ ਕਮਾਨ ਸੰਭਾਲਣ ਜਾ ਰਹੇ ਹਨ ਜਦੋਂ ਬੋਰਡ ਦਾ ਅਕਸ ਖਰਾਬ ਹੋਇਆ ਹੈ। 47 ਸਾਲਾ ਗਾਂਗੁਲੀ ਫਿਲਹਾਲ 2 ਸਾਲ 2 ਮਹੀਨੇ ਤੋਂ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ 'ਤੇ ਕੰਮ ਕਰ ਰਹੇ ਹਨ। ਜਸਟਿਸ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਤਹਿਤ 3 ਸਾਲ ਦੇ ਕਾਰਜਕਾਲ ਤੋਂ ਬਾਅਦ ਉਹ ਕੂਲਿੰਗ ਆਫ ਪੀਰਿਅਡ ਵਿਚ ਜਲੇ ਜਾਣਗੇ। ਗਾਂਗੁਲੀ ਨੇ ਪ੍ਰਧਾਨ ਅਹੁਦੇ ਦੀ ਦੌੜ 'ਚ ਬ੍ਰਿਜੇਸ਼ ਪਟੇਲ ਨੂੰ ਪਛਾੜ ਦਿੱਤਾ ਹੈ ਅਤੇ ਹੁਣ ਇਸ ਅਹੁਦੇ ਲਈ ਇਕਲੌਤੇ ਉਮੀਦਵਾਰ ਹਨ।

ਪ੍ਰੈਸ ਬਿਆਨ 'ਚ ਭਾਰਤ ਦੇ ਸਾਬਕਾ ਮਹਾਨ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, ''ਮੈਂ ਅਜਿਹੇ ਸਮੇਂ ਬੀ. ਸੀ. ਸੀ. ਆਈ. ਦੀ ਕਮਾਨ ਸੰਭਾਲਣ ਜਾ ਰਿਹਾ ਹਾਂ ਜਦੋਂ ਪਿਛਲੇ 3 ਸਾਲ ਤੋਂ ਬੋਰਡ ਦੇ ਹਾਲਾਤ ਚੰਗੇ ਨਹੀਂ ਹਨ। ਉਸਦਾ ਅਕਸ ਬਹੁਤ ਖਰਾਬ ਹੋ ਚੁੱਕਾ ਹੈ। ਮੇਰੇ ਲਈ ਇਹ ਕੁਝ ਚੰਗਾ ਕਰਨ ਦਾ ਸੁਨਿਹਰੀ ਮੌਕਾ ਹੈ। ਮੇਰੀ ਪਹਿਲ ਫਰਸਟ ਕਲਾਸ ਕ੍ਰਿਕਟਰਾਂ ਦੀ ਦੇਖਭਾਲ ਕਰਨੀ ਹੈ। ਪਹਿਲਾਂ ਮੈਂ ਕ੍ਰਿਕਟ ਦੇ ਸਾਰੇ ਪੱਖਾਂ ਨਾਲ ਗੱਲ ਕਰਾਂਗਾ ਅਤੇ ਫਿਰ ਫੈਸਲਾ ਲਵਾਂਗਾ। ਮੈਂ 3 ਸਾਲ ਤੋਂ ਸੀ. ਓ. ਏ. ਨਾਲ ਇਹੀ ਕਹਿੰਦਾ ਆਇਆ ਹਾਂ ਪਰ ਉਨ੍ਹਾਂ ਨੇ ਨਹੀਂ ਸੁਣੀ। ਸਭ ਤੋਂ ਪਹਿਲਾਂ ਮੈਂ ਫਰਸਟ ਕਲਾਸ ਕ੍ਰਿਕਟਰਾਂ ਦੇ ਆਰਥਿਕ ਹਾਲਾਤ ਚੰਗੇ ਕਰਾਂਗਾ।''

ਕੂਲਿੰਗ ਆਫ ਪੀਰਿਅਡ ਕਾਰਨ ਗਾਂਗੁਲੀ ਨੂੰ ਜੁਲਾਈ ਵਿਚ ਅਹੁਦਾ ਛੱਡਣਾ ਹੋਵੇਗਾ। ਕੌਮਾਂਤਰੀ ਕ੍ਰਿਕਟ ਵਿਚ 18000 ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਬਿਨਾ ਮੁਕਾਬਲੇ ਦੇ ਚੁਣੇ ਜਾਣਾ ਹੀ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਵਰਲਡ ਕ੍ਰਿਕਟ ਦਾ ਸਭ ਤੋਂ ਵੱਡਾ ਸੰਗਠਨ ਹੈ ਅਤੇ ਜ਼ਿੰਮੇਵਾਰੀ ਤਾਂ ਹੋਵੇਗੀ ਹੀ, ਚਾਹੇ ਤੁਸੀਂ ਬਿਨਾ ਮੁਕਾਬਲੇ ਦੇ ਚੁਣੇ ਗਏ ਹੋਵੋ ਜਾਂ ਨਹੀਂ। ਭਾਰਤ ਕ੍ਰਿਕਟ ਦੀ ਮਹਾਸ਼ਕਤੀ ਹੈ ਤਾਂ ਇਹ ਚੁਣੌਤੀ ਵੀ ਵੱਡੀ ਹੋਵੇਗੀ। ਗਾਂਗੁਲੀ ਤੋਂ ਇਹ ਪੁੱਛਣ ਜਾਣ 'ਤੇ ਕਿ ਕਾਰਜਕਾਲ ਸਿਰਫ 9 ਮਹੀਨੇ ਦਾ ਹੋਣ ਤੇ ਕੀ ਤੁਹਾਨੂੰ ਅਫਸੋਸ ਹੈ। ਤਾਂ ਉਨ੍ਹਾਂ, ''ਇਹ ਨਿਯਮ ਹੈ ਅਤੇ ਇਸ ਦੀ ਪਾਲਣਾ ਕਰਨੀ ਹੋਵੇਗੀ। ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਪ੍ਰਧਾਨ ਬਣਾਂਗਾ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਬ੍ਰਿਜੇਸ਼ ਦਾ ਨਾਂ ਲਿਆ। ਮੈਨੂੰ ਬਾਅਦ 'ਚ ਪਤਾ ਚੱਲਿਆ ਕਿ ਹਾਲਾਤ ਬਦਲ ਗਏ ਹਨ। ਮੈਂ ਕਦੇ ਬੀ. ਸੀ. ਸੀ. ਆਈ. ਚੋਣਾਂ ਨਹੀਂ ਲੜਿਆ ਤਾਂ ਮੈਨੂੰ ਨਹੀਂ ਪਤਾ ਕਿ ਬੋਰਡ ਰੂਮ ਰਾਜਨੀਤੀ ਕੀ ਹੁੰਦੀ ਹੈ।'' ਗਾਂਗੁਲੀ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਹ ਪੁੱਛਣ 'ਤੇ ਕਿ ਪੱਛਣੀ ਬੰਗਾਲ ਵਿਚ ਚੋਣਾਂ ਲਈ ਕੀ ਭਾਜਪਾ ਲਈ ਪ੍ਰਚਾਰ ਕਰਨਗੇ ਤਾਂ ਉਨ੍ਹਾਂ ਨੇ ਨਹੀਂ ਵਿਚ ਜਵਾਬ ਦਿੱਤਾ।