ਪੱਛਮੀ ਬੰਗਾਲ ''ਚ ਅਮਫਾਨ ਦੀ ਤਬਾਹੀ, 10 ਹਜ਼ਾਰ ਪਰਿਵਾਰਾਂ ਦੀ ਮਦਦ ਕਰ ਰਹੇ ਗਾਂਗੁਲੀ

06/12/2020 8:03:14 PM

ਨਵੀਂ ਦਿੱਲੀ- ਓਡਿਸ਼ਾ ਤੇ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ 'ਚ ਚੱਕਰਵਾਤੀ ਤੂਫਾਨ ਅਮਫਾਨ ਨੇ ਦੋਵਾਂ ਸੂਬਿਆਂ 'ਚ ਬਹੁਤ ਨੁਕਸਾਨ ਪਹੁੰਚਾਇਆ ਹੈ। ਪੱਛਮੀ ਬੰਗਾਲ 'ਚ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਗਾਂਗੁਲੀ ਆਪਣੇ ਫਾਊਂਡੇਸ਼ਨ ਦੇ ਜਰੀਏ ਐੱਮ. ਆਈ. ਇੰਡੀਆ ਦੇ ਨਾਲ ਮਿਲ ਕੇ ਇਹ ਮੁਹਿੰਮ ਚੱਲਾ ਰਹੇ ਹਨ। ਅਮਫਾਨ ਤੂਫਾਨ ਨੇ 20 ਮਈ ਨੂੰ ਪੱਛਮੀ ਬੰਗਾਲ ਤੇ ਓਡਿਸ਼ਾ 'ਚ ਦਸਤਕ ਦਿੱਤੀ ਸੀ, ਇੱਥੇ ਤੂਫਾਨ ਦੇ ਸਮੇਂ 165 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਸੀ। ਇਸ ਚੱਕਰਵਾਤ ਦੀ ਵਜ੍ਹਾ ਨਾਲ ਵੱਡੀ ਗਿਣਤੀ 'ਚ ਦਰੱਖਤ ਤੇ ਬਿਜਲੀ ਦੇ ਖੰਭੇ ਡਿੱਗ ਗਏ ਤੇ ਕੱਚੇ ਘਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਸੀ।


ਸੌਰਵ ਗਾਂਗੁਲੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ- 'ਕੁਝ ਪਾਰੀਆਂ ਸਚਮੁੱਚ ਤੁਹਾਡਾ ਟੈਸਟ ਲੈਂਦੀਆਂ ਹਨ। ਕੁਝ ਹਾਲਾਤਾਂ ਤੋਂ ਬਾਹਰ ਆਉਣ ਦੇ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਹੁੰਦੀ ਹੈ! ਬੰਗਾਲ 'ਚ ਭਿਆਨਕ ਤੂਫਾਨ ਆਇਆ, ਉੱਥੇ ਤਬਾਹੀ ਦਾ ਦ੍ਰਿਸ਼ ਦਿਖਿਆ, ਜਿਸ ਨੇ ਸਾਨੂੰ ਸਾਰਿਆਂ ਨੂੰ ਅੰਦਰੋਂ ਹਿਲਾ ਦਿੱਤਾ।' ਗਾਂਗੁਲੀ ਨੇ ਅੱਗੇ ਲਿਖਿਆ- ਇਸ ਮੁਸ਼ਕਿਲ ਸਮੇਂ 'ਚ ਐੱਮ. ਆਈ. ਇੰਡੀਆ ਤੇ ਮੇਰਾ ਫਾਊਂਡੇਸ਼ਨ 10 ਹਜ਼ਾਰ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ। ਇਸ ਟਵੀਟ ਦੇ ਨਾਲ ਗਾਂਗੁਲੀ ਨੇ ਹੈਸ਼ਟੈਗ ਵੈਸਟ ਬੰਗਾਲ ਦਾ ਵੀ ਇਸਤੇਮਾਲ ਕੀਤਾ।

Gurdeep Singh

This news is Content Editor Gurdeep Singh