ਗੰਗਜੀ ਨੇ ਜਿੱਤੀ ਪੈਨਾਸੋਨਿਕ ਓਪਨ ਗੋਲਫ ਚੈਂਪੀਅਨਸ਼ਿਪ

04/22/2018 5:30:15 PM

ਓਸਾਕਾ (ਬਿਊਰੋ)— ਭਾਰਤ ਦੇ ਰਾਹਿਲ ਗੰਗਜੀ ਨੇ ਆਪਣਾ 14 ਸਾਲਾ ਖਿਤਾਬੀ ਸੋਕਾ ਐਤਵਾਰ ਨੂੰ ਪੈਨਾਸੋਨਿਕ ਓਪਨ ਗੋਲਫ ਚੈਂਪੀਅਨਸ਼ਿਪ ਜਿੱਤ ਕੇ ਸਮਾਪਤ ਕੀਤਾ। 39 ਸਾਲਾ ਗੰਗਜੀ ਨੇ ਚੌਥੇ ਅਤੇ ਅੰਤਿਮ ਰਾਊਂਡ 'ਚ ਤਿੰਨ ਅੰਡਰ 68 ਦਾ ਕਾਰਡ ਖੇਡਿਆ ਅਤੇ ਕੋਰੀਆ ਦੇ ਹਿਊਂਗਸੁੰਗ ਕਿਮ ਅਤੇ ਜੁੰਗਗੋਨ ਹਵਾਂਗ 'ਤੇ ਇਕ ਸ਼ਾਟ ਨਾਲ ਜਿੱਤ ਹਾਸਲ ਕੀਤੀ। ਗੰਗਜੀ ਦੀ ਆਖਰੀ ਏਸ਼ੀਅਨ ਟੂਰ ਖਿਤਾਬੀ ਜਿੱਤ 2004 'ਚ ਚੀਨ 'ਚ ਸੀ। 

ਗੰਗਜੀ ਦਾ ਚਾਰ ਰਾਊਂਡ ਦਾ ਸਕੋਰ 14 ਅੰਡਰ 270 ਰਿਹਾ ਅਤੇ ਇਸ ਖਿਤਾਬੀ ਜਿੱਤ ਨਾਲ ਉਨ੍ਹਾਂ ਨੂੰ 13 ਲੱਖ 70 ਹਜ਼ਾਰ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੀ। ਉਨ੍ਹਾਂ ਨੇ ਚਾਰ ਰਾਊਂਡ 'ਚ 69, 65, 68, 68 ਦੇ ਕਾਰਡ ਖੇਡੇ। ਭਾਰਤ ਦੇ ਸ਼ਿਵ ਕਪੂਰ ਦਾ ਆਖਰੀ ਰਾਊਂਡ 75 ਦਾ ਰਿਹਾ ਪਰ ਉਹ ਪੈਨਾਸੋਨਿਕ ਸਵਿੰਗ ਸੀਰੀਜ਼ ਜਿੱਤਣ ਦੇ ਲਈ ਕਾਫੀ ਨਹੀਂ ਸੀ ਜਿਸ ਦੇ ਲਈ ਉਨ੍ਹਾਂ ਨੂੰ 70,000 ਡਾਲਰ ਦਾ ਬੋਨਸ ਅਤੇ ਇਕ ਸਾਲ ਯੂਰਪੀ ਟੂਰ ਦੇ ਲਈ ਕਿਸੇ ਟੂਰਨਾਮੈਂਟ 'ਚ ਖੇਡਣ ਦੀ ਛੂਟ ਮਿਲ ਗਈ। ਗੰਗਜੀ ਨੂੰ ਇਸ ਜਿੱਤ ਨਾਲ ਏਸ਼ੀਆਈ ਟੂਰ 'ਚ ਦੋ ਸਾਲ ਦੀ ਛੂਟ ਅਤੇ ਜਾਪਾਨ ਗੋਲਫ ਟੂਰ 'ਚ ਵੀ ਦੋ ਸਾਲ ਦੀ ਛੂਟ ਮਿਲ ਗਈ। ਇਸ ਟੂਰਨਾਮੈਂਟ ਤੋਂ ਪਹਿਲਾਂ ਗੰਗਜੀ ਪੈਨਾਸੋਨਿਕ ਸਵਿੰਗ 'ਚ 84ਵੇਂ ਸਥਾਨ 'ਤੇ ਸੀ ਅਤੇ ਹੁਣ ਉਹ ਇਸ ਦਾ ਸਮਾਪਨ ਦੂਜੇ ਸਥਾਨ ਦੇ ਨਾਲ ਕਰਨਗੇ।