ਏਸ਼ੀਆ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਪੁੱਜਣ ਵਾਲੇ ਦੂਜੇ ਭਾਰਤੀ ਬਣੇ ਸਾਥੀਆਨ

09/21/2019 10:40:23 AM

ਸਪੋਰਟਸ ਡੈਸਕ— ਗੁਣਾਸੇਕਰਨ ਸਾਥੀਆਨ ਸ਼ੁੱੱਕਰਵਾਰ ਨੂੰ ਇੱਥੇ ਜਾਰੀ ਏਸ਼ੀਅਨ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ ਸਿੰਗਲ ਵਰਗ ਦੇ ਕੁਆਟਰ ਫਾਈਨਲ 'ਚ ਪਹੁੰਚ ਗਏ। ਉਹ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਸਾਥੀਆਨ ਨੇ 24ਵੇਂ ਆਈ. ਟੀ. ਟੀ. ਐੱਫ-ਏ. ਟੀ. ਟੀ. ਊ. ਏਸ਼ੀਅਨ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਉੱਤਰ ਕੋਰੀਆ ਦੇ ਅਨ-ਜੀ ਸੋਂਗੇ ਨੂੰ ਹਾਰ ਦੇ ਕੇ ਇਹ ਕੀਰਤੀਮਾਨ ਸਥਾਪਤ ਕੀਤਾ। ਇਸ ਤੋਂ ਪਹਿਲਾਂ 1976 'ਚ ਸੁਧੀਰ ਫਡਕੇ ਸਿੰਗਲ ਵਰਗ 'ਚ ਏਸ਼ੀਅਨ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਪੁੱਜਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਸਨ। ਉਨ੍ਹਾਂ ਨੇ ਚੀਨ ਦੇ ਖਿਡਾਰੀ ਨੂੰ ਪ੍ਰੀ-ਕੁਆਟਰ ਫਾਈਨਲ 'ਚ ਹਾਰ ਦਿੱਤੀ ਸੀ।  ਸਾਥੀਆਨ ਨੇ ਉੱਤਰ ਕੋਰੀਆ ਦੇ ਖਿਡਾਰੀ ਨੂੰ 22 ਮਿੰਟਾਂ ਦੇ ਅੰਦਰ ਹੀ 11-7, 11-8, 11-6 ਨਾਲ ਹਾਰ ਦਿੱਤੀ। ਵਰਲਡ ਰੈਂਕਿੰਗ 'ਚ 30ਵੇਂ ਸਥਾਨ 'ਤੇ ਕਾਬਿਜ ਸਾਥੀਆਨ ਦਾ ਸਾਹਮਣਾ ਕੁਆਟਰ ਫਾਈਨਲ 'ਚ ਵਰਲਡ ਨੰਬਰ-4 ਚੀਨ ਦੇ ਲਿਨ ਗਾਓਯੂਆਨ ਖਿਲਾਫ ਹੋਵੇਗਾ।  

ਸਾਥੀਆਨ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ, “ਪਹਿਲੀ ਵਾਰ ਕੁਆਟਰ ਫਾਈਨਲ 'ਚ ਪੁੱਜਣ 'ਤੇ ਬੇਹੱਦ ਖੁਸ਼ੀ ਹੋਈ ਅਤੇ ਇਹ ਹੁਣ ਤੱਕ ਦਾ ਸਫਰ ਸ਼ਾਨਦਾਰ ਰਿਹਾ ਹੈ। ਮੈਂ ਅਸਲ 'ਚ ਭਾਰਤੀ ਟੇਬਲ ਟੈਨਿਸ ਲਈ ਨਵਾਂ ਪੱਧਰ ਸੈੱਟ ਕਰਨਾ ਪਸੰਦ ਕਰਾਂਗਾ ਅਤੇ ਟੂਰਨਾਮੈਂਟ 'ਚ ਅੱਗੇ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।