FIFA World Cup : ਫਾਈਨਲ ''ਚ ਪਹੁੰਚਣ ''ਤੇ ਫਰਾਂਸ ''ਚ ਜਸ਼ਨ, ਦੇਖੋ ਤਸਵੀਰਾਂ

07/11/2018 2:36:27 PM

ਪੈਰਿਸ (ਬਿਊਰੋ)— ਫਰਾਂਸ ਨੇ ਜਦੋਂ ਹੀ ਬੈਲਜੀਅਮ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਫਾਈਨਲ 'ਚ ਪ੍ਰਵੇਸ਼ ਕੀਤਾ, ਉਦੋਂ ਸੜਕਾਂ 'ਤੇ ਫਰਾਂਸ ਦੇ ਰਾਸ਼ਟਰੀ ਗੀਤ 'ਲਾ ਮਾਰਸ਼ੇਲਸ', ਵੀ ਆਰ ਇਨ ਦਿ ਫਾਈਨਲ' ਦੇ ਨਾਲ ਕਾਰ ਦੇ ਹਾਰਨ ਅਤੇ ਪਟਾਕਿਆਂ ਦਾ ਸ਼ੋਰ ਗੂੰਜ ਪਿਆ। ਪੈਰਿਸ ਦੇ ਇਤਿਹਾਸਕ ਟਾਊਨ ਹਾਲ ਦੇ ਕੋਲ ਵੱਡੀ ਸਕ੍ਰੀਨ 'ਤੇ ਮੈਚ ਦੇਖਣ ਲਈ ਲਗਭਗ 20000 ਫੁੱਟਬਾਲ ਪ੍ਰੇਮੀ ਜਸ਼ਨ 'ਚ ਡੁੱਬ ਗਏ।

ਸੜਕਾਂ 'ਤੇ ਲੋਕ ਵੱਡੀ ਗਿਣਤੀ 'ਚ ਆ ਗਏ ਅਤੇ ਲੋਕ ਰੁੱਖਾਂ, ਕਾਰ ਦੇ ਉੱਪਰ, ਡਸਟਬਿਨ ਅਤੇ ਬੱਸਾਂ ਦੀਆਂ ਛੱਤਾਂ 'ਤੇ ਚੜ੍ਹ ਗਏ। ਲੋਕ ਰਾਸ਼ਟਰੀ ਝੰਡੇ ਨੂੰ ਚੁੰਮਦੇ ਅਤੇ ਇਕ ਦੂਜੇ ਨੂੰ ਗਲੇ ਲਗਾ ਕੇ ਵਧਾਈ ਦਿੰਦੇ ਨਜ਼ਰ ਆਏ।

ਫਰਾਂਸ 'ਚ ਨਵੰਬਰ 2015 ਦੇ ਅੱਤਵਾਦੀ ਹਮਲਿਆਂ ਦੇ ਬਾਅਦ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਟਾਊਨ ਹਾਲ 'ਤੇ ਲਗਭਗ 1200 ਪੁਲਸ ਕਰਮਚਾਰੀ ਤੈਨਾਤ ਸਨ। ਜਸ਼ਨ ਮਨਾ ਰਹੇ ਸੇਬੇਸਟੀਅਨ ਨੇ ਕਿਹਾ, ''ਮੈਂ 1998 'ਚ 18 ਸਾਲਾਂ ਦਾ ਸੀ। ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਦਿਨ ਹੈ। ਅਸੀਂ ਐਤਵਾਰ ਨੂੰ ਵਿਸ਼ਵ ਕੱਪ ਜਿੱਤਾਂਗੇ।''

20 ਸਾਲ ਪਹਿਲਾਂ ਵਿਸ਼ਵ ਕੱਪ ਜਿੱਤਣ 'ਤੇ ਫਰਾਂਸ 'ਚ ਇਸੇ ਤਰ੍ਹਾਂ ਦਾ ਜਨਸ਼ ਦੇਖਿਆ ਗਿਆ ਸੀ। ਜਦੋਂ ਰੋਸ਼ਨੀ ਦਾ ਸ਼ਹਿਰ ਦੇਸ਼ ਦੇ ਝੰਡੇ ਦੇ ਤਿੰਨ ਰੰਗਾਂ ਲਾਲ, ਨੀਲਾ ਅਤੇ ਚਿੱਟੇ ਰੰਗ ਨਾਲ ਨਹਾ ਗਿਆ ਸੀ।

ਵਿਦਿਆਰਥੀ ਲੀਆ ਉਦੋਂ ਪੈਦਾ ਵੀ ਨਹੀਂ ਹੋਇਆ ਸੀ ਜਦੋਂ ਫਰਾਂਸ ਨੇ ਵਿਸ਼ਵ ਕੱਪ ਜਿੱਤਿਆ ਸੀ। ਉਸ ਨੇ ਕਿਹਾ, ''ਹੁਣ ਅਸੀਂ 1998 ਨੂੰ ਮਹਿਸੂਸ ਕਰਨ ਜਾ ਰਹੇ ਹਾਂ।''