ਰੀਅਲ ਮੈਡ੍ਰਿਡ ਦੇ ਸਾਬਕਾ ਦਿੱਗਜ ਗੋਲਕੀਪਰ ਕੈਸਿਲਾਸ ਨੇ ਸੰਨਿਆਸ ਦਾ ਕੀਤਾ ਐਲਾਨ

08/04/2020 8:54:36 PM

ਮੈਡ੍ਰਿਡ- ਸਪੇਨ ਅਤੇ ਰੀਅਲ ਮੈਡ੍ਰਿਡ ਦੇ ਸਾਬਕਾ ਦਿੱਗਜ ਗੋਲਕੀਪਰ ਈਕਰ ਕੈਸਿਲਾਸ ਆਪਣਾ ਆਖਰੀ ਮੈਚ ਖੇਡਣ ਦੇ ਲਗਭਗ ਇਕ ਸਾਲ ਬਾਅਦ ਅਧਿਕਾਰਤ ਤੌਰ 'ਤੇ ਮੰਗਲਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ 39 ਸਾਲ ਦੇ ਖਿਡਾਰੀ ਦਾ ਕਰਾਰ ਪੁਰਤਗਾਲ ਦੇ ਕਲੱਬ ਪੋਰਟਾ ਨਾਲ ਸੀ ਪਰ ਪਿਛਲੇ ਸਾਲ ਮਈ 'ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੇ ਕੋਈ ਪ੍ਰਤੀਯੋਗੀ ਮੁਕਾਬਲਾ ਨਹੀਂ ਖੇਡਿਆ ਸੀ।
ਕੈਸਿਲਾਸ ਨੇ ਟਵਿੱਟਰ 'ਤੇ ਲਿਖਿਆ - ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਕਿਸ ਰਸਤੇ 'ਤੇ ਜਾਂਦੇ ਹੋ ਤੇ ਕੌਣ ਤੁਹਾਡੇ ਨਾਲ ਹੈ, ਇਸ 'ਤੇ ਨਹੀਂ ਕਿ ਤੁਸੀਂ ਕਿਸ ਮੰਜ਼ਿਲ 'ਤੇ ਪਹੁੰਚਦੇ ਹੋ। ਉਨ੍ਹਾਂ ਨੇ ਕਿਹਾ ਸਖਤ ਮਿਹਨਤ ਦੇ ਨਾਲ ਤੁਸੀਂ ਹਮੇਸ਼ਾ ਉੱਥੇ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਚਾਹੁੰਦੇ ਹੋ। ਮੈਂ ਬਿਨਾਂ ਕਿਸੇ ਸ਼ੱਕ ਦੇ ਕਹਿ ਸਕਦਾ ਹਾਂ ਕਿ ਮੈਂ ਜਿਸ ਰਸਤੇ ਤੇ ਮੰਜ਼ਿਲ ਦਾ ਸੁਪਨਾ ਦੇਖਦਾ ਸੀ ਉੱਥੇ ਪਹੁੰਚ ਸਕਦਾ ਹਾਂ।
ਪੋਰਟਾ ਦੇ ਨਾਲ ਉਸਦਾ ਕਰਾਰ ਪਿਛਲੇ ਹਫਤੇ ਖਤਮ ਹੋਇਆ ਤੇ ਟੀਮ ਨੇ ਬੇਨਿਫਕਾ ਨੂੰ ਹਰਾ ਕੇ ਪੁਰਤਗਾਲੀ ਕੱਪ ਜਿੱਤਿਆ। ਉਹ ਇਸ ਮੈਚ 'ਚ ਨਹੀਂ ਖੇਡੇ ਸਨ ਪਰ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਜਸ਼ਨ ਮਨਾਇਆ ਤੇ ਟਰਾਫੀ ਵੀ ਚੁੱਕੀ। ਕੈਸਿਲਾਸ ਨੇ ਸਪੇਨ ਨੂੰ ਇਕ ਵਿਸ਼ਵ ਕੱਪ ਖਿਤਾਬ ਦਿਵਾਉਣ ਤੇ 2 ਵਾਰ ਯੂਰਪੀਅਨ ਚੈਂਪੀਅਨ ਬਣਾਉਣ 'ਚ ਅਹਿਮ ਭੂਮੀਕਾ ਨਿਭਾਈ, ਉਹ ਸਿਰਫ 9 ਸਾਲ ਦੀ ਉਮਰ 'ਚ ਰੀਅਲ ਮੈਡ੍ਰਿਡ ਕਲੱਬ ਨਾਲ ਜੁੜੇ ਸਨ। ਉਨ੍ਹਾਂ ਨੇ ਕਲੱਬ ਦੇ ਲਈ 16 ਸੈਸ਼ਨ 'ਚ 725 ਮੈਚ ਖੇਡੇ ਤੇ 19 ਖਿਤਾਬ ਜਿੱਤੇ। ਸਪੇਨ ਦੇ ਲਈ ਉਨ੍ਹਾਂ ਨੇ 167 ਮੈਚ ਖੇਡੇ ਤੇ ਅੰਡਰ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ।

Gurdeep Singh

This news is Content Editor Gurdeep Singh