ਸਾਬਕਾ ਓਲੰਪਿਕ ਚੈਂਪੀਅਨ ਸਨੇਲ ਦਾ ਦਿਹਾਂਤ

12/14/2019 5:29:04 PM

ਵੇਲਿੰਗਟਨ : 3 ਵਾਰ ਦੇ ਓਲੰਪਿਅਨ ਚੈਂਪੀਅਨ ਅਤੇ ਵਰਲਡ ਮੀਲ ਰਿਕਾਰਡ ਧਾਰਕ ਪੀਟਰ ਸਨੇਲ ਦਾ ਡਲਾਸ ਵਿਚ ਦਿਹਾਂਤ ਹੋ ਗਿਆ। ਉਹ 80 ਸਾਲ ਦੇ ਸੀ। ਮੱਧ ਦੂਰੀ ਦੇ ਮਹਾਨ ਦੌੜਾਕਾਂ ਵਿਚੋਂ ਇਕ ਮੰਨੇ ਜਾਣ ਵਾਲੇ ਸਨੇਲ ਨੇ 1960 ਰੋਮ ਓਲੰਪਿਕ ਵਿਚ 21 ਸਾਲ ਦੀ ਉਮਰ ਵਿਚ 800 ਮੀਟਰ ਦੌੜ ਦਾ ਖਿਤਾਬ ਜਿੱਤਿਆ। ਉਹ ਟੋਕੀਓ 1964 ਖੇਡਾਂ ਵਿਚ 800 ਅਤੇ 1500 ਮੀਟਰ ਦਾ ਦੋਹਰਾ ਖਿਤਾਬ ਜਿੱਤਣ ਵਿਚ ਸਫਲ ਰਹੇ। ਉਹ 1920 ਤੋਂ ਬਾਅਦ ਇਕ ਹੀ ਓਲੰਪਿਕ ਵਿਚ 800 ਮੀਟਰ ਅਤੇ 1500 ਮੀਟਰ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਪੁਰਸ਼ ਖਿਡਾਰੀ ਸੀ। ਉਨ੍ਹਾਂ ਤੋਂ ਬਾਅਦ ਕੋਈ ਵੀ ਦੌੜਾਕ ਇਸ ਕਾਰਨਾਮੇ ਨੂੰ ਦੋਹਰਾ ਨਹੀਂ ਸਕਿਆ।

ਸਨੇਲ ਨੇ ਰਾਸ਼ਟਰਮੰਡਲ ਖੇਡਾਂ ਵਿਚ ਵੀ 2 ਸੋਨ ਤਮਗੇ ਜਿੱਤੇ। ਉਸਨੇ ਪਰਥ ਵਿਚ 1962 ਵਿਚ 880 ਯਾਰਡ ਅਤੇ ਇਕ ਮੀਲ ਦੀ ਦੌੜ ਜਿੱਤੀ। ਸਨੇਲ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਦੋਸਤ ਅਥੇ ਨਿਊਜ਼ੀਲੈਂਡ ਦੇ ਖੇਡ ਇਤਿਹਾਸਕਾਰ ਰੋਨ ਪਾਲੇਨਸਕੀ ਨੇ ਕੀਤੀ ਹੈ ਜੋ ਨਿਊਜ਼ੀਲੈਂਡ ਦੇ 'ਸਪੋਰਟਸ ਹਾਲ ਆਫ ਫੇਮ' ਦੇ ਮੁਖੀ ਹਨ। ਪਾਲੇਨਸਕੀ ਨੇ ਕਿਹਾ, ''ਇਹ ਕਾਫੀ ਦੁੱਖ ਦੇਣ ਵਾਲੀ ਖਬਰ ਹੈ। ਟ੍ਰੈਕ ਅਤੇ ਫੀਲਡ ਦੇ ਮਾਮਲੇ ਵਿਚ ਉਹ ਸੰਭਵ ਤੌਰ 'ਤੇ ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਹਨ।''