ਵਿਦੇਸ਼ੀ ਨਾਗਰਿਕਤਾ ਵਾਲੇ ਨਹੀਂ ਕਰ ਸਕਦੇ ਭਾਰਤ ਦੀ ਨੁਮਾਇੰਦਗੀ : IOA ਮੁਖੀ

05/24/2020 1:29:26 PM

ਸਪੋਰਟਸ ਡੈਸਕ : ਭਾਰਤੀ ਓਲੰਪਿਕ ਸੰਘ (ਆਈਓਏ) ਨੇ ਭਾਰਤੀ ਮੂਲ ਦੇ ਵਿਅਕਤੀਆਂ (ਪੀਆਈਓ) ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ (ਓਸੀਏ) ਨੂੰ ਭਾਰਤ ਦੀ ਨੁਮਾਇੰਦਗੀ ਕਰਨ ਲਈ ਓਲੰਪਿਕ ਵਿਚ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਆਈਓਏ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਅਜਿਹੇ ਪ੍ਰਸਤਾਵ 'ਤੇ ਵਿਚਾਰ ਕਰਨ ਦਾ ਸਵਾਲ ਹੀ ਨਹੀਂ ਹੈ। ਸਿਰਫ਼ ਮਾਨਤਾ ਪ੍ਰਰਾਪਤ ਭਾਰਤੀ ਪਾਸਪੋਰਟ ਹਾਸਲ ਹੀ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਹਨ। ਜੇ ਪੀਆਈਓ ਤੇ ਓਸੀਏ ਕੋਲ ਭਾਰਤੀ ਪਾਸਪੋਰਟ ਹੋਣਗੇ ਤਾਂ ਯਕੀਨੀ ਤੌਰ 'ਤੇ ਉਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ ਪਰ ਜੇ ਅਜਿਹਾ ਨਹੀਂ ਹੈ ਤਾਂ ਉਨ੍ਹਾਂ ਮੌਕਾ ਦੇਣ ਦਾ ਸਵਾਲ ਹੀ ਨਹੀਂ ਹੈ। ਅਸੀਂ ਦੋਹਰੀ ਪਾਸਪੋਰਟ ਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੇ। ਬੱਤਰਾ ਨੇ ਸਵਾਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਕੋਲ ਹੋਰ ਦੇਸ਼ਾਂ ਦਾ ਪਾਸਪੋਰਟ ਹੈ ਤਾਂ ਆਈਓਏ ਤੇ ਅੰਤਰਰਾਸ਼ਟਰੀ ਬਾਡੀ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਕਿਵੇਂ ਦੇ ਸਕਦੇ ਹਨ? ਇਹ ਅਨੈਤਿਕ ਹੈ ਤੇ ਅਜਿਹਾ ਕਰਨਾ ਬਿਲਕੁਲ ਠੀਕ ਨਹੀਂ ਹੈ।

ਜ਼ਿਕਰਯੋਗ ਹੈ ਕਿ ਸਰਬ ਭਾਰਤੀ ਫੁੱਟਬਾਲ ਸੰਘ (ਏਆਈਐੱਫਐੱਫ) ਸਮੇਤ ਕੁਝ ਖੇਡ ਮਹਾਸੰਘ ਇਸ ਦੀ ਮੰਗ ਕਰ ਰਹੇ ਸਨ। ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਮੈਕ ਨੇ ਪੀਆਈਓ ਤੇ ਓਸੀਏ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦੇਣ ਦੀ ਲੋੜ ਦੱਸੀ ਸੀ। ਏਆਈਏਐੱਫਐੱਫ ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਇਸ ਦੇ ਮੱਦੇਨਜ਼ਰ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਪ੍ਰਸਤਾਵ ਸੌਂਪਿਆ ਸੀ। ਏਆਈਐੱਫਐੱਫ ਵੱਲੋਂ ਕੇਂਦਰੀ ਖੇਡ ਮੰਤਰਾਲੇ ਨੂੰ 30 ਖਿਡਾਰੀਆਂ ਦੀ ਸੂਚੀ ਭੇਜੀ ਗਈ ਸੀ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਪੀਆਈਓ ਤੇ ਓਸੀਏ ਨੂੰ ਤਦ ਤਕ ਭਾਰਤ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਨਹੀਂ ਹੈ ਜਦ ਤਕ ਉਹ ਆਪਣੀ ਵਿਦੇਸ਼ੀ ਨਾਗਰਿਕਤਾ ਨਹੀਂ ਛੱਡ ਦਿੰਦੇ ਤੇ ਭਾਰਤੀ ਪਾਸਪੋਰਟ ਲਈ ਬਿਨੈ ਨਹੀਂ ਕਰਦੇ।

Ranjit

This news is Content Editor Ranjit