ਕਰਬਰ ਦੂਜੀ ਵਾਰ ਵਿੰਬਲਡਨ ਫਾਈਨਲ ''ਚ

07/13/2018 1:33:55 AM

ਲੰਡਨ- ਜਰਮਨੀ ਦੀ ਏਂਜੇਲਿਕ ਕਰਬਰ ਨੇ ਸਾਬਕਾ ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਅੱਜ ਇੱਥੇ ਦੂਸਰੀ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ 11ਵਾਂ ਦਰਜਾ ਪ੍ਰਾਪਤ ਜਰਮਨ ਖਿਡਾਰਨ ਲਾਟਵੀਆ ਨੇ 12ਵਾਂ ਦਰਜਾ ਪ੍ਰਾਪਤ ਓਸਟਾਪੇਂਕੋ ਨੂੰ ਸਿਰਫ 67 ਮਿੰਟ ਵਿਚ 6-3, 6-3 ਨਾਲ ਹਰਾਇਆ। 
ਕਰਬਰ ਖਿਤਾਬੀ ਮੁਕਾਬਲੇ ਵਿਚ 7 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਅਤੇ ਇਕ ਹੋਰ ਜਰਮਨ ਖਿਡਾਰੀ 13ਵਾਂ ਦਰਜਾ ਪ੍ਰਾਪਤ ਜੂਲੀਆ ਗੋਜਰੇਸ ਵਿਚਾਲੇ ਹੋਣ ਵਾਲੇ ਦੂਸਰੇ ਸੈਮੀਫਾਈਨਲ ਦੇ ਜੇਤੂ ਨਾਲ ਭਿੜੇਗੀ।
..ਤਾਂ ਦੂਸਰੀ ਜਰਮਨ ਖਿਡਾਰਨ ਬਣੇਗੀ ਕਰਬਰ
ਕਰਬਰ ਹੁਣ ਸਟੈਫੀ ਗ੍ਰਾਫ ਤੋਂ ਬਾਅਦ ਵਿੰਬਲਡਨ ਜਿੱਤਣ ਵਾਲੀ ਦੂਸਰੀ ਜਰਮਨ ਖਿਡਾਰਨ ਬਣਨ ਨੇੜੇ ਪਹੁੰਚ ਗਈ ਹੈ। ਗ੍ਰਾਫ ਨੇ ਆਪਣਾ ਆਖਰੀ ਵਿੰਬਲਡਨ ਖਿਤਾਬ 1996 ਵਿਚ ਜਿੱਤਿਆ ਸੀ। 
2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਕਰਬਰ ਨੂੰ ਓਸਟਾਪੇਂਕੋ ਨੂੰ ਹਰਾਉਣ ਲਈ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ ਕਿਉਂਕਿ ਲਾਟਵੀਆ ਦੀ ਖਿਡਾਰਨ ਨੇ ਕਈ ਹੈਰਾਨੀਜਨਕ ਗਲਤੀਆਂ ਕੀਤੀਆਂ। ਕਰਬਰ ਨੇ ਸਿਰਫ 10 ਵਿਨਰ ਲਾਏ ਪਰ ਇਹ ਉਸ ਦੀ ਜਿੱਤ ਲਈ ਕਾਫੀ ਸਨ। ਇਸ ਤੋਂ ਪਹਿਲਾਂ ਕਰਬਰ 2016 ਵਿਚ ਵੀ ਵਿੰਬਲਡਨ ਫਾਈਨਲ ਵਿਚ ਪਹੁੰਚੀ ਸੀ ਪਰ ਉਦੋਂ ਸਰੇਨਾ ਕੋਲੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।