ਭਾਰਤ-ਪਾਕਿ ਓਲੰਪਿਕ ਕੁਆਲੀਫਾਇਰ ਹੋਣ ’ਤੇ ਯੂਰੋਪ ’ਚ ਕਰਾਉਣ ਦਾ ਕੋਈ ਇਰਾਦਾ ਨਹੀਂ : FIH

09/03/2019 2:01:59 PM

ਨਵੀਂ ਦਿੱਲੀ : ਕੌਮਾਂਤਰੀ ਹਾਕੀ ਮਹਾਸੰਘ ਨੇ ਕਿਹਾ ਕਿ ਟੋਕੀਓ ਓਲੰਪਿਕ ਕੁਆਲੀਫਾਇਰ ਵਿਚ ਭਾਰਤ ਅਤੇ ਪਾਕਿਸਤਾਨ ਦਾ ਇਕ-ਦੂਜੇ ਨਾਲ ਸਾਹਮਣਾ ਹੋਣ ’ਤੇ ਉਸ ਨੂੰ ਯੂਰੋਪ ਵਿਚ ਕਰਾਉਣ ਦਾ ਕੋਈ ਇਰਾਦਾ ਨਹੀਂ ਹੈ। ਪਾਕਿਸਤਾਨ ਹਾਕੀ ਮਹਾਸੰਘ ਦੇ ਇਕ ਅਧਿਕਾਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਦੋਵੇਂ ਦੇਸ਼ਾਂ ਵਿਚਾਲੇ ਤਾਜ਼ਾ ਰਾਜਨੀਤਕ ਤਣਾਅ ਨੂੰ ਦੇਖਦਿਆਂ ਐੱਫ. ਆਈ. ਐੱਚ. ਸੰਭਾਵਿਤ ਓਲੰਪਿਕ ਕੁਆਲੀਫਾਇਰ ਕਿਤੇ ਹੋਰ ਕਰਾਉਣ ਬਾਰੇ ਸੋਚ ਰਿਹਾ ਹੈ। 2 ਗੇੜ ਦੇ ਓਲੰਪਿਕ ਕੁਆਲੀਫਾਇਰ ਲਈ ਭਾਰਤ ਦੇ ਵਿਰੋਧੀ ਦਾ ਫੈਸਲਾ 9 ਸਤੰਬਰ ਨੂੰ ਲੁਸਾਨੇ ਸਥਿਤ ਐੱਫ. ਆਈ. ਐੱਚ. ਹੈਡਕੁਆਰਟਰ ਵਿਚ ਲਾਈਵ ਡਰਾਅ ਦੇ ਜ਼ਰੀਏ ਹੋਵੇਗਾ। ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। 

ਐੱਫ. ਆਈ. ਐੱਚ. ਨੇ ਈ. ਮੇਲ ’ਤੇ ਪ੍ਰੈਸ ਨੂੰ ਕਿਹਾ, ‘‘ਪੀ. ਐੱਸ. ਐੱਫ. ਦੇ ਦਾਅਵੇ ਵਿਚ ਕੋਈ ਸੱਚਾਈ ਨਹੀਂ ਹੈ. ਇਹ ਗਲਤ ਹੈ।’’ ਭਾਰਤ ਅਤੇ ਪਾਕਿਸਤਾਨ ਦੋਵੇਂ ਵੱਖ-ਵੱਖ ਹਾਫ ਵਿਚ ਹਨ। ਡਰਾਅ ਵਿਚ 14 ਟੀਮਾਂ ਨੂੰ 7 ਜੋੜੀਆਂ ਵਿਚ ਵੰਡਿਆ ਜਾਵੇਗਾ ਅਤੇ ਜੇਤੂਆਂ ਨੂੰ ਓਲੰਪਿਕ ਵਿਚ ਖੋਹਣ ਦਾ ਮੌਕਾ ਮਿਲੇਗਾ। ਮੈਚਾਂ ਦੀ ਮੇਜ਼ਬਾਨੀ ਉੱਚੀ ਰੈਂਕਿੰਗ ਵਾਲੀਆਂ ਟੀਮਾਂ ਕਰਨਗੀਆਂ। ਐੱਫ. ਆਈ. ਐੱਚ. ਵੱਲੋਂ 8 ਸਥਾਨਾ ਦੀ ਪੁਸ਼ਟੀ ਅਤੇ ਤਾਜ਼ਾ ਰੈਂਕਿੰਗ ਦੇ ਆਧਾਰ ’ਤੇ ਭਾਰਤ ਅਕਤੂਬਰ ਦੇ ਆਖਰ ਵਿਚ ਜਾਂ ਨਵੰਬਰ ਦੀ ਸ਼ੁਰੂਆਤ ਵਿਚ ਪੁਰਸ਼ ਅਤੇ ਮਹਿਲਾ ਵਰਗ ਦੇ ਕੁਆਲੀਫਾਇਰ ਲਈ ਮੇਜ਼ਬਾਨੀ ਕਰੇਗਾ। ਪਾਕਿਸਤਾਨ ਵਰਲਡ ਰੈਂਕਿੰਗ ਵਿਚ 17ਵੇਂ ਨੰਬਰ ’ਤੇ ਹੈ ਜੋ 2016 ਰੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਸੀ।