ਘੜੀ ਵਿਵਾਦ 'ਤੇ FIH ਨੇ ਮੰਗੀ ਮੁਆਫ਼ੀ, ਸੈਮੀਫਾਈਨਲ 'ਚ ਹਾਰੀ ਸੀ ਭਾਰਤੀ ਮਹਿਲਾ ਟੀਮ

08/07/2022 3:12:12 PM

ਬਰਮਿੰਘਮ- ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ. ਆਈ. ਐਚ.) ਨੇ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਵਿੱਚ ਆਸਟਰੇਲੀਆ ਤੋਂ ਭਾਰਤੀ ਮਹਿਲਾ ਟੀਮ ਦੀ ਸੈਮੀਫਾਈਨਲ ਵਿੱਚ ਹਾਰ ਦੇ ਦੌਰਾਨ ਘੜੀ ਦੇ ਵਿਵਾਦ ਲਈ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਪੂਰੀ ਸਮੀਖਿਆ ਕਰੇਗਾ। ਪੈਨਲਟੀ ਸ਼ੂਟਆਊਟ ਦੌਰਾਨ ਆਪਣੀ ਪਹਿਲੀ ਕੋਸ਼ਿਸ਼ ਤੋਂ ਖੁੰਝਣ ਵਾਲੀ ਆਸਟਰੇਲੀਆ ਦੀ ਰੋਜ਼ੀ ਮੈਲੋਨ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਕਿਉਂਕਿ ਸਕੋਰ ਬੋਰਡ 'ਤੇ 8 ਸੈਕਿੰਡ ਦਾ ਕਾਊਂਟਡਾਊਨ ਸ਼ੁਰੂ ਨਹੀਂ ਹੋਇਆ ਸੀ।

ਮੈਲੋਨ ਦੂਜਾ ਮੌਕਾ ਮਿਲਣ 'ਤੇ ਨਹੀਂ ਖੁੰਝੀ ਅਤੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਭਾਰਤ ਆਖ਼ਰਕਾਰ ਸੈਮੀਫਾਈਨਲ ਮੈਚ ਸ਼ੂਟਆਊਟ ਵਿੱਚ 0-3 ਨਾਲ ਹਾਰ ਗਿਆ। ਨਿਯਮਿਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ। ਦਰਸ਼ਕਾਂ ਨੇ ਵੀ ਤਕਨੀਕੀ ਅਧਿਕਾਰੀਆਂ ਦੇ ਇਸ ਫੈਸਲੇ ’ਤੇ ਗੁੱਸਾ ਜ਼ਾਹਰ ਕੀਤਾ।

ਐਫ. ਆਈ. ਐਚ. ਨੇ ਇੱਕ ਬਿਆਨ ਵਿੱਚ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਆਸਟਰੇਲੀਆ ਅਤੇ ਭਾਰਤ ਦੀਆਂ ਮਹਿਲਾ ਟੀਮਾਂ ਵਿਚਾਲੇ ਸੈਮੀਫਾਈਨਲ ਮੈਚ ਦੌਰਾਨ, ਸ਼ੂਟਆਊਟ ਗਲਤੀ ਨਾਲ ਬਹੁਤ ਜਲਦੀ ਸ਼ੁਰੂ ਹੋ ਗਿਆ ਸੀ (ਉਸ ਸਮੇਂ ਘੜੀ ਕੰਮ ਕਰਨ ਲਈ ਤਿਆਰ ਨਹੀਂ ਸੀ) ਜਿਸ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਜਿਹੇ ਹਾਲਾਤ ਵਿੱਚ ਦੁਬਾਰਾ ਪੈਨਲਟੀ ਸ਼ੂਟਆਊਟ ਲੈਣ ਦੀ ਪ੍ਰਕਿਰਿਆ ਹੈ ਅਤੇ ਅਜਿਹਾ ਕੀਤਾ ਵੀ ਗਿਆ। FIH ਭਵਿੱਖ ਵਿੱਚ ਇਸ ਤਰ੍ਹਾਂ ਦੇ ਮੁੱਦਿਆਂ ਤੋਂ ਬਚਣ ਲਈ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇਗਾ।

Tarsem Singh

This news is Content Editor Tarsem Singh