ਫੀਫਾ ਵਿਸ਼ਵ ਕੱਪ : ਸਵੀਡਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ

06/18/2018 7:30:11 PM

ਨਵੀਂ ਦਿੱਲੀ— ਫੀਫਾ ਵਿਸ਼ਵ ਕੱਪ 2018 ਗਰੁਪ ਐੱਫ ਦਾ ਮੁਕਾਬਲਾ ਸਵੀਡਨ ਅਤੇ ਦੱਖਣੀ ਕੋਰੀਆ ਵਿਚਾਲੇ ਨਿਜ਼ਨੀ ਨਾਵਗੋਰਡ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਸਵੀਡਨ ਨੇ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਕੇ ਮੈਚ ਆਪਣੇ ਨਾਮ ਕੀਤਾ। ਕੋਰੀਆ ਦੀ ਟੀਮ ਇਸ ਮੈਚ 'ਚ ਆਪਣੇ ਕਪਤਾਨ ਦੀ ਸੁੰਗ ਯੁਇੰਗ ਅਤੇ ਸੈਨ ਹੀਯੁੰਗ ਮਿਨ ਦੇ ਦਮ 'ਤੇ ਹੀ ਸਟੀਡਨ ਨੂੰ ਟੱਕਰ ਦੇਣ ਉਤਰੀ ਸੀ ਪਰ ਸਵੀਡਨ ਦੇ ਡਿਫੈਂਸ ਅਤੇ ਅਟੈਕ ਦੇ ਅੱਗੇ ਕੋਰੀਆ ਟੀਮ ਬੇਬਸ ਨਜ਼ਰ ਆਈ।

ਪਹਿਲੇ ਕੁਝ ਸਮੇਂ ਤੱਕ ਕੋਰੀਆ ਦੇ ਖਿਡਾਰੀ ਸਵੀਡਨ 'ਤੇ ਭਾਰੀ ਰਹੇ। ਪਰ ਇਸਦੇ ਬਾਵਜੂਦ ਸਵੀਡਨ ਦੇ ਡਿਫੈਂਸ ਨੇ ਕੋਰੀਆ ਨੂੰ ਗੋਲ ਤੋਂ ਵਾਂਝਿਆ ਰੱਖਿਆ।

ਇਕ ਸਮਾਂ ਅਜਿਹਾ ਵੀ ਆਇਆ ਜਦੋਂ ਸਵੀਡਨ ਦੇ ਖਿਡਾਰੀਅਾਂ ਕੋਲ ਦੱਖਣੀ ਕੋਰੀਆ 'ਤੇ ਦਬਾਅ ਪਾਉਣ ਦਾ ਮੌਕਾ ਸੀ। ਪਰ ਉਨ੍ਹਾਂ ਇਸ ਮੌਕੇ ਨੂੰ ਗੁਆ ਦਿੱਤਾ।

ਪਹਿਲੇ ਹਾਫ ਤੱਕ ਦੋਵੇਂ ਟੀਮਾਂ ਗੋਲ ਕਰਨ 'ਚ ਅਸਫਲ ਰਹੀਅਾਂ। ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਿਖਾਇਆ। ਹਾਲਾਂਕਿ ਦੋਵਾਂ ਟੀਮਾਂ ਕੋਲ ਗੋਲ ਕਰਨ ਦੇ ਮੌਕੇ ਆਏ ਪਰ ਉਹ ਉਨ੍ਹਾਂ ਨੂੰ ਗੋਲ 'ਨਾ ਬਦਲ ਸਕੇ।

ਦੱਸ ਦਈਏ ਕਿ ਸਵੀਡਨ ਦੇ ਐਂਡਰੀਨ ਗ੍ਰੈਂਕਵਿਸਟ ਨੇ ਮੈਚ ਦੇ 65ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ ਕੋਰੀਆ 'ਤੇ 1-0 ਦੀ ਬਡ਼੍ਹਤ ਦਿਵਾ ਦਿੱਤੀ। ਦੱਖਣੀ ਕੋਰੀਆ ਵਲੋਂ ਆਪਣੀ ਡੀ 'ਚ ਫਾਊਲ ਕੀਤਾ ਜਿਸ ਕਾਰਨ ਸਵੀਡਨ ਨੂੰ ਪੈਨਲਟੀ ਦਾ ਮੌਕਾ ਦਿੱਤਾ ਗਿਆ। ਸਵੀਡਨ ਕਪਤਾਨ ਨੇ ਵੀ ਇਸ ਮੌਕੇ ਦਾ ਭਰਭੂਰ ਫਾਇਦਾ ਚੁੱਕਦੇ ਹੋਏ ਬਾਲ ਨੂੰ ਗੋਲਪੋਸਟ ਤੱਕ ਪਹੁੰਚਾ ਦਿੱਤਾ।

ਇਸ ਤੋਂ ਬਾਅਦ ਦੱਖਣੀ ਕੋਰੀਆ ਨੇ ਗੋਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਵੀਡਨ ਦੇ ਮਜ਼ਬੂਤ ਡਿਫੈਂਸ ਨੇ ਉਨ੍ਹਾਂ ਨੂੰ ਇਹ ਮੌਕਾ ਨਹੀਂ ਦਿੱਤਾ ਅਤੇ ਸਵੀਡਨ ਨੇ ਇਹ ਮੈਚ 1-0 ਨਾਲ ਜਿੱਤ ਲਿਆ।