ਸ਼ੁੱਕਰਵਾਰ ਨੂੰ ਹੋਵੇਗਾ ਫੀਫਾ ਵਰਲਡ ਕੱਪ ਦੀਆਂ 32 ਟੀਮਾਂ ਦੀ ਕਿਸਮਤ ਦਾ ਫੈਸਲਾ

11/29/2017 10:42:46 PM

ਮਾਸਕੋ— ਸਾਲ 2018 'ਚ ਰੂਸ ਵਿਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਦਾ ਬਿਗੁਲ ਵੱਜ ਚੁੱਕਾ ਹੈ। ਜੇਤੂ ਟਰਾਫੀ ਲਈ 32 ਫੌਜਾਂ ਤਿਆਰ ਹੋ ਚੁੱਕੀਆਂ ਹਨ। ਇਨ੍ਹਾਂ 32 ਫੌਜਾਂ (ਟੀਮਾਂ) ਦੀ ਕਿਸਮਤ ਦਾ ਫੈਸਲਾ ਸ਼ੁੱਕਰਵਾਰ ਨੂੰ ਇਥੇ ਕ੍ਰੈਮਲਿਨ ਪੈਲੇਸ ਵਿਚ ਕੱਢੇ ਜਾਣ ਵਾਲੇ ਡਰਾਅ ਨਾਲ ਹੋਵੇਗਾ ਕਿ ਕਿਹੜੀ ਟੀਮ ਕਿਸ ਗਰੁੱਪ ਵਿਚ ਜਾਵੇਗੀ। ਵਿਸ਼ਵ ਕੱਪ ਕੁਆਲੀਫਾਇੰਗ ਰਾਊਂਡ ਖਤਮ ਹੋ ਚੁੱਕਾ ਹੈ ਅਤੇ 32 ਟੀਮਾਂ ਮੁੱਖ ਡਰਾਅ ਵਿਚ ਪਹੁੰਚ ਚੁਕੀਆਂ ਹਨ। ਇਟਲੀ, ਅਮਰੀਕਾ ਵਰਗੀਆਂ ਚੋਟੀ ਦੀਆਂ ਟੀਮਾਂ ਮੁੱਖ ਡਰਾਅ ਵਿਚ ਥਾਂ ਨਹੀਂ ਬਣਾ ਸਕੀਆਂ ਹਨ, ਜਦਕਿ ਕੁਝ ਨਵੀਆਂ-ਨਵੀਆਂ ਸਾਹਮਣੇ ਆਈਆਂ ਟੀਮਾਂ ਨੇ 32 ਟੀਮਾਂ 'ਚ ਥਾਂ ਬਣਾਈ ਹੈ। 1958 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਇਟਲੀ ਦੀ ਟੀਮ ਵਿਸ਼ਵ ਕੱਪ 'ਚ ਨਹੀਂ ਖੇਡੇਗੀ।ਵਿਸ਼ਵ ਕੱਪ ਡਰਾਅ ਵਿਚ ਲਾਰੈਂਟ ਬਲੈਂਕ, ਗਾਰਡਨ ਬੈਂਕਸ, ਕਾਫੂ, ਫੋਬੀਓ ਕੈਨਵਾਰੋ, ਡੀਏਗੋ ਫੋਰਲਾਨ, ਡਿਏਗੋ ਮਾਰਾਡੋਨਾ ਅਤੇ ਕਾਰਲਸ ਪੁਯੋਲ ਵਰਗੀਆਂ ਫੁੱਟਬਾਲ ਜਗਤ ਦੀਆਂ ਵੱਡੀਆਂ ਹਸਤੀਆਂ ਮੌਜੂਦ ਰਹਿਣਗੀਆਂ ਅਤੇ ਡਰਾਅ ਕੰਡਕਟਰ ਗੈਰੀ ਲਿਨੇਕਰ ਦੀ ਮਦਦ ਕਰਨਗੀਆਂ। ਇਨ੍ਹਾਂ ਨਾਲ ਟਰਾਫੀ ਲੈ ਕੇ ਚੱਲਣ ਵਾਲਾ ਮਿਰੋਸਲਾਵ ਕਲਾਜ਼ ਹੋਵੇਗਾ। 
32 ਟੀਮਾਂ ਨੂੰ 4 ਪਾਰਟਸ ਵਿਚ ਵੰਡਿਆ ਜਾਵੇਗਾ। ਮੇਜ਼ਬਾਨ ਰੂਸ ਅਤੇ 7 ਚੋਟੀ ਦੀ ਰੈਂਕਿੰਗ ਦੀਆਂ ਟੀਮਾਂ ਪਾਰਟ 1 ਵਿਚ ਰਹਿਣਗੀਆਂ, ਜਦਕਿ ਸਭ ਤੋਂ ਹੇਠਲੀ ਰੈਂਕਿੰਗ ਦੀਆਂ ਟੀਮਾਂ ਪਾਰਟ 4 ਵਿਚ ਰਹਿਣਗੀਆਂ। ਹਰ ਗਰੁੱਪ ਵਿਚ ਹਰ ਪਾਰਟ 'ਚੋਂ ਇਕ ਟੀਮ ਰਹੇਗੀ ਪਰ 1 ਹੀ ਫੁੱਟਬਾਲ ਸੰਘ ਵਿਚੋਂ ਟੀਮਾਂ ਦੀ ਗਿਣਤੀ 'ਤੇ ਕੰਟਰੋਲ ਰਹੇਗਾ। ਕਿਸੇ ਇਕ ਗਰੁੱਪ ਵਿਚ ਯੂਰਪ ਦੀਆਂ 2 ਤੋਂ ਜ਼ਿਆਦਾ ਟੀਮਾਂ ਨਹੀਂ ਰਹਿਣਗੀਆਂ।