ਫਿਡੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ ਭਾਰਤ ਦਾ ਵਿਸ਼ਵਨਾਥਨ ਆਨੰਦ 15ਵੇਂ ਸਥਾਨ 'ਤੇ

02/02/2020 12:42:20 PM

ਸਪੋਰਟਸ ਡੈਸਕ— ਵਿਸ਼ਵ ਸ਼ਤਰੰਜ ਸੰਘ (ਫਿਡੇ) ਵਲੋਂ ਜਾਰੀ ਤਾਜ਼ਾ ਸ਼ਤਰੰਜ ਰੈਂਕਿੰਗ ਵਿਚ ਭਾਰਤੀ ਪੁਰਸ਼ ਖਿਡਾਰੀਆਂ 'ਚ 50 ਸਾਲਾ ਵਿਸ਼ਵਨਾਥਨ ਆਨੰਦ (2755) 15ਵੇਂ ਸਥਾਨ 'ਤੇ ਹੈ ਅਤੇ ਨਾਲ ਹੀ ਉਹ ਅਜੇ ਵੀ ਚੋਟੀ ਦਾ ਭਾਰਤੀ ਹੈ। ਵਿਦਿਤ ਗੁਜਰਾਤੀ (2721) 26ਵੇਂ, ਪੇਂਟਾਲਾ ਹਰਿਕ੍ਰਿਸ਼ਣਾ (2713) 29ਵੇਂ, ਅਧਿਬਨ ਭਾਸਕਰਨ (2654) ਅੰਕਾਂ ਨਾਲ 92ਵੇਂ ਸਥਾਨ 'ਤੇ ਹੈ।ਪੁਰਸ਼ ਵਰਗ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ ਨੰਬਰ ਇਕ 'ਤੇ ਬਰਕਰਾਰ ਹੈ ਪਰ 10 ਅੰਕਾਂ ਦੇ ਨੁਕਸਾਨ ਨਾਲ ਉਸ ਦੇ ਰੇਟਿੰਗ ਅੰਕ ਹੁਣ 2862 ਹੋ ਗਏ ਹਨ। ਦੂਜੇ ਸਥਾਨ 'ਤੇ ਅਮਰੀਕਾ ਦਾ ਫਾਬਿਆਨੋ ਕਾਰੂਆਨਾ ਆਪਣੀ ਰੇਟਿੰਗ 'ਚ 20 ਅੰਕਾਂ ਦਾ ਵਾਧਾ ਕਰਦੇ ਹੋਏ ਆਪਣੀ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ 2842 'ਤੇ ਪਹੁੰਚ ਗਿਆ ਹੈ।  ਇਸ ਤਰ੍ਹਾਂ ਪਹਿਲੇ ਤੇ ਦੂਜੇ ਸਥਾਨ ਦਾ ਫਰਕ 50 ਅੰਕਾਂ ਤੋਂ ਘਟ ਕੇ ਹੁਣ ਸਿਰਫ 20 ਦਾ ਰਹਿ ਗਿਆ ਹੈ।

ਮਹਿਲਾ ਵਰਗ ਦੀ ਗੱਲ ਕੀਤੀ ਜਾਵੇ ਤਾਂ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਹੂ ਈਫਾਨ 2664 ਅੰਕਾਂ ਨਾਲ ਪਹਿਲੇ ਤੇ ਚੀਨ ਦੀ ਹੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ 2583 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਦੀ ਕੋਨੇਰੂ ਹੰਪੀ 2580 ਅੰਕਾਂ ਨਾਲ ਤੀਜੇ ਸਥਾਨ 'ਤੇ ਬਣੀ ਹੋਈ ਹੈ।