ਫੇਬੀਆਨੋ ਜਿੱਤ ਤੋਂ ਖੁੰਝਿਆ ਪਰ ਬੜ੍ਹਤ ਬਰਕਰਾਰ

03/22/2018 3:16:41 AM

ਬਰਲਿਨ (ਜਰਮਨੀ)- ਵਿਸ਼ਵ ਦੇ 8 ਚੋਣਵੇਂ ਖਿਡਾਰੀਆਂ ਵਿਚਾਲੇ ਖੇਡੇ ਜਾਣ ਵਾਲੇ ਫੀਡੇ ਕੈਂਡੀਡੇਟ ਸ਼ਤਰੰਜ-2018 ਵਿਚ 9ਵੇਂ ਰਾਊਂਡ ਵਿਚ ਅੰਕ ਤਾਲਿਕਾ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਇਆ। 6 ਅੰਕਾਂ ਦੇ ਨਾਲ ਅਮਰੀਕਨ ਗ੍ਰੈਂਡ ਮਾਸਟਰ ਫੇਬੀਆਨੋ ਕਾਰੂਆਨਾ ਅਜੇ ਵੀ ਸਭ ਤੋਂ ਅੱਗੇ ਚਲ ਰਿਹਾ ਹੈ। ਦੇਖਣਾ ਹੋਵੇਗਾ ਕਿ ਆਖਰੀ 5 ਰਾਊਂਡ ਉਸ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੋਵੇਗਾ। ਅੱਜ ਹੋਏ ਮੁਕਾਬਲਿਆਂ 'ਚ 3 ਮੈਚ ਬਰਾਬਰੀ 'ਤੇ ਖਤਮ ਹੋਏ ਅਤੇ ਇਕ ਦਾ ਨਤੀਜਾ ਸਾਹਮਣੇ ਆਇਆ।
ਸਭ ਤੋਂ ਅੱਗੇ ਚਲ ਰਿਹਾ ਫੇਬੀਆਨੋ ਕਾਰੂਆਨਾ ਚੀਨ ਦੇ ਡਿੰਗ ਲੀਰੇਨ ਨਾਲ ਚੰਗਾ ਖੇਡਣ ਤੋਂ ਬਾਅਦ ਵੀ ਜਿੱਤ ਦਰਜ ਨਹੀਂ ਕਰ ਸਕਿਆ। ਬੋਗੋ ਇੰਡੀਅਨ ਓਪਨਿੰਗ ਵਿਚ ਉਸ ਨੇ ਸ਼ੁਰੂਆਤ ਤੋਂ ਹੀ ਬੜ੍ਹਤ ਹਾਸਲ ਕਰਦੇ ਹੋਏ ਡਿੰਗ 'ਤੇ ਦਬਾਅ ਬਣਾਇਆ ਪਰ ਆਖਰੀ ਸਮੇਂ ਵਿਚ ਉਹ ਕਈ ਵਾਰ ਮੌਕੇ ਤੋਂ ਖੁੰਝ ਗਿਆ। ਅਖੀਰ ਮੈਚ ਬਰਾਬਰੀ 'ਤੇ ਖਤਮ ਹੋਇਆ। ਅਮਰੀਕਾ ਦੇ ਵੇਸਲੀ ਸੋ ਅਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸ਼ਚੁਕ, ਅਮਰੇਨੀਆ ਦੇ ਲੇਵਾਨ ਅਰੋਨੀਅਨ ਅਤੇ ਅਜ਼ਰਬੈਜਾਨ ਦੇ ਮਮੇਘਾਰਾਓ ਵਿਚਾਲੇ ਵੀ ਮੈਚ ਬਰਾਬਰੀ 'ਤੇ ਰਿਹਾ। ਇਕੋ-ਇਕ ਹੈਰਾਨ ਕਰਨ ਵਾਲਾ ਨਤੀਜਾ ਰੂਸ ਦੇ ਸਾਬਕਾ ਵਿਸ਼ਵ ਚੈਂਪੀਅਨ ਵਲਾਦੀਮੀਰ ਕ੍ਰਾਮਨਿਕ ਦੀ ਹਮਵਤਨ ਅਤੇ ਸਾਬਕਾ ਕੈਂਡੀਡੇਟ ਜੇਤੂ ਸੇਰਜੀ ਕਰਜ਼ਾਕਿਨ ਦੇ ਹੱਥੋਂ ਹਾਰ ਰਿਹਾ।
9 ਰਾਊਂਡ ਤੋਂ ਬਾਅਦ ਅਮਰੀਕਾ ਦੇ ਫੇਬੀਆਨੋ ਕਾਰੂਆਨਾ 6 ਅੰਕਾਂ ਨਾਲ ਪਹਿਲੇ, ਅਜ਼ਰਬੈਜਾਨ ਦੇ ਮਮੇਘਾਰੋਵ 5.5 ਅੰਕਾਂ ਨਾਲ ਦੂਸਰੇ ਸਥਾਨ 'ਤੇ ਹੈ। ਰੂਸ ਦਾ ਅਲੈਗਜ਼ੈਂਡਰ ਗ੍ਰੀਸ਼ਚੁਕ 5, ਚੀਨ ਦਾ ਡਿੰਗ ਲੀਰੇਨ ਅਤੇ ਰੂਸ ਦਾ ਸੇਰਜੀ ਕਰਜ਼ਾਕਿਨ 4.5, ਰੂਸ ਦਾ ਵਲਾਦੀਮੀਰ ਕ੍ਰਾਮਨਿਕ, ਅਰਮੇਨੀਆ ਦਾ ਲੇਵਾਨ ਅਰੋਨੀਅਨ ਅਤੇ ਅਮਰੀਕਾ ਦਾ ਵੇਸਲੀ ਸੋ 3.5 ਅੰਕਾਂ 'ਤੇ ਖੇਡ ਰਿਹਾ ਹੈ।