ਫੈਡਰਰ ਨੇ ਫਿਰ ਵਹਾਇਆ ਪਸੀਨਾ

09/02/2017 3:59:41 AM

ਨਿਊਯਾਰਕ— ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਰੋਜਰ ਫੈਡਰਰ ਲਈ ਯੂ. ਐੱਸ. ਓਪਨ ਦਾ ਰਸਤਾ ਆਸਾਨ ਹੁੰਦਾ ਨਹੀਂ ਦਿਸ ਰਿਹਾ ਤੇ ਉਸ ਨੂੰ ਦੂਜੇ ਦੌਰ 'ਚ ਵੀ ਜਗ੍ਹਾ ਬਣਾਉਣ ਲਈ ਲਗਾਤਾਰ ਆਪਣੇ ਦੂਜੇ ਮੈਚ 'ਚ ਪੰਜ ਸੈੱਟਾਂ ਤਕ ਸੰਘਰਸ਼ ਕਰਨਾ ਪਿਆ। ਇਸ ਵਿਚਾਲੇ ਨੰਬਰ ਵਨ ਸਪੇਨ ਦੇ ਰਾਫੇਲ ਨਡਾਲ ਨੇ ਜਿੱਤ ਨਾਲ ਤੀਜੇ ਦੌਰ 'ਚ ਜਗ੍ਹਾ ਪੱਕੀ ਕਰ ਲਈ ਹੈ।
ਫੈਡਰਰ ਨੇ ਰੂਸ ਦੇ ਮਿਖਾਇਲ ਯੂਜਨੀ ਵਿਰੁੱਧ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ 'ਚ 6-1, 6-7, 4-6, 6-4, 6-2 ਨਾਲ ਮੈਰਾਥਨ ਮੈਚ ਖੇਡਣ ਤੋਂ ਬਾਅਦ ਜਿੱਤ ਦਰਜ ਕੀਤੀ। ਆਪਣੇ ਪਹਿਲੇ ਦੌਰ ਵਿਚ ਵੀ ਸਵਿਸ ਖਿਡਾਰੀ ਨੂੰ 19 ਸਾਲ ਦੇ ਫ੍ਰਾਂਸਿਸ ਟਿਯਾਫੋਏ ਵਿਰੁੱਧ ਜਿੱਤਣ ਲਈ ਪੰਜ ਸੈੱਟਾਂ ਤਕ ਸਖਤ ਸੰਘਰਸ਼ ਕਰਨਾ ਪਿਆ ਸੀ। ਮੈਚ ਵਿਚਾਲੇ ਖਿਚਾਅ ਤੋਂ ਪ੍ਰੇਸ਼ਾਨ ਯੂਜਨੀ ਨੇ ਫਿੱਟ ਨਾ ਹੋਣ ਦੇ ਬਾਵਜੂਦ ਤਿੰਨ ਘੰਟੇ ਸੱਤ ਮਿੰਟ ਤਕ ਮੈਚ ਖਿੱਚਿਆ। 
36 ਸਾਲਾ ਫੈਡਰਰ ਦੇ ਕਰੀਅਰ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਉਸ ਨੇ ਗ੍ਰੈਂਡ ਸਲੈਮ ਵਿਚ ਆਪਣੇ ਦੋਵੇਂ ਮੈਚ ਪੰਜ ਸੈੱਟਾਂ ਤਕ ਖੇਡੇ। ਉਸ ਨੇ ਜਿੱਤ ਤੋਂ ਬਾਅਦ ਹੱਸਦੇ ਹੋਏ ਕਿਹਾ ਕਿ ਪੰਜ ਸੈੱਟ ਖੇਡਣਾ ਮੇਰੇ ਲਈ ਬਹੁਤ ਰੋਮਾਂਚਕ ਹੈ। ਮੈਨੂੰ ਹੁਣ ਵਧੀਆ ਮਹਿਸੂਸ ਹੋ ਰਿਹਾ ਹੈ।
ਫੈਡਰਰ ਸਾਹਮਣੇ ਅਗਲੇ ਦੌਰ ਵਿਚ ਫੇਲਿਸਿਆਨੋ ਲੋਪੇਜ਼ ਦੀ ਚੁਣੌਤੀ ਹੋਵੇਗੀ, ਜਿਸ ਨੇ ਹਮਵਤਨ ਸਪੇਨ ਦੇ ਫਰਨਾਂਡੋ ਵਰਦਾਸਕੋ ਨੂੰ ਚਾਰ ਸੈੱਟਾਂ 'ਚ 6-3, 6-2, 3-6, 6-1 ਨਾਲ ਹਰਾਇਆ। ਫੈਡਰਰ ਨੇ ਆਪਣੇ ਕਰੀਅਰ ਦੇ ਪਿਛਲੇ 12 ਮੈਚਾਂ 'ਚ ਲੋਪੇਜ਼ ਨੂੰ ਹਰਾਇਆ ਹੈ।
ਦੂਜੇ ਦੌਰ ਦੇ ਇਕ ਹੋਰ ਹਾਈ ਵੋਲਟੇਜ ਮੁਕਾਬਲੇ 'ਚ ਚੋਟੀ ਦਰਜਾ ਪ੍ਰਾਪਤ ਨਡਾਲ ਨੇ ਵੀ ਆਪਣੀ ਲੈਅ ਬਣਾਈ ਰੱਖੀ ਤੇ ਜਾਪਾਨ ਦੇ ਤਾਰੋ ਡੇਨੀਅਲ ਨੂੰ 4-6, 6-3, 6-2, 6-2 ਨਾਲ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦੇ ਸਾਹਮਣੇ ਹੁਣ ਅਰਜਨਟੀਨਾ ਦੇ ਲਿਓਨਾਰਡੋ ਮੇਅਰ ਦੀ ਚੁਣੌਤੀ ਹੋਵੇਗੀ, ਜਿਸ ਨੇ ਇਕ ਹੋਰ ਮੈਚ ਵਿਚ ਜਾਪਾਨ ਦੇ ਯੂਈਚੀ ਸੁਗਿਤਾ ਨੂੰ 6-7, 6-4, 6-3, 6-4 ਨਾਲ ਹਰਾਇਆ। 
ਨਡਾਲ ਨੇ ਇਥੇ ਮੈਚ ਤੋਂ ਬਾਅਦ ਕਿਹਾ, ''ਸਾਰੇ ਮੈਚ ਮੁਸ਼ਕਿਲ ਹੁੰਦੇ ਹਨ ਅਤੇ ਖਾਸ ਕਰਕੇ, ਉਦੋਂ ਜਦੋਂ ਸਭ ਚੰਗਾ ਖੇਡ ਰਹੇ ਹੋਣ। ਮੈਂ ਬਹੁਤ ਚੰਗਾ ਨਹੀਂ ਖੇਡਿਆ ਪਰ ਮੈਂ ਖੁਸ਼ ਹਾਂ ਕਿ ਤੀਜੇ ਦੌਰ 'ਚ ਪਹੁੰਚ ਗਿਆ।''
ਚੋਟੀ ਦਰਜਾ ਪ੍ਰਾਪਤ ਖਿਡਾਰੀਆਂ 'ਚ 11ਵਾਂ ਦਰਜਾ ਸਪੇਨ ਦੇ ਰਾਬਰਟੋ ਬਤਿਸਤਾ ਨੇ ਜਰਮਨੀ ਦੇ ਡਸਟਿਨ ਬ੍ਰਾਊਨ ਨੂੰ 6-1, 6-3, 7-6 ਨਾਲ, ਜਦਕਿ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੇ ਰੂਸ ਦੇ ਆਂਦ੍ਰੇ ਰੂਬਲੇਵ ਨੂੰ 7-5, 7-6, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। ਉਥੇ ਹੀ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਸਪੇਨ ਦੇ ਐਂਡ੍ਰੀਅਨ ਮੇਨਡੇਜ ਨੂੰ 6-2, 6-3, 7-6 ਨਾਲ ਹਰਾਇਆ।