ਫੈਡਰਰ ਨੇ ਕੀਤੀ ਐਲਪਸ ਦੀ ਰੋਮਾਂਚਕ ਯਾਤਰਾ, ਖਾਧੀਆਂ ਮੱਛੀ ਦੀਆਂ ਅੱਖਾਂ

09/18/2018 11:00:04 PM

ਮੁੰਬਈ— 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਤੇ ਧਾਕੜ ਟੈਨਿਸ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਵਿਟਜ਼ਰਲੈਂਡ ਦੀ ਐਲਪਸ ਪਰਬਤ ਲੜੀ ਦੀ ਰੋਮਾਂਚਕ ਯਾਤਰਾ ਕੀਤੀ, ਬਰਫੀਲੇ ਝਰਨਿਆਂ ਦਾ ਸਾਹਮਣਾ ਕੀਤਾ, ਮੱਛੀ ਦੀਆਂ ਅੱਖਾਂ ਖਾਧੀਆਂ ਤੇ ਬਰਫੀਲੇ ਪਹਾੜ 'ਤੇ ਬੈਠ ਕੇ ਪਿੰਗ ਪੋਂਗ ਮੈਚ ਖੇਡਿਆ।
ਫੈਡਰਰ ਨੇ ਵਿਸ਼ਵ ਪ੍ਰਸਿੱਧ ਰੋਮਾਂਚਕ ਪ੍ਰੇਮੀ ਤੇ ਬੈਸਟ ਸੇਲਿੰਗ ਲੇਖਕ ਬੇਯਰ ਗ੍ਰਿਲਸ ਨਾਲ ਇਸ ਰੋਮਾਂਚਕ ਯਾਤਰਾ ਦਾ ਮਜ਼ਾ ਲਿਆ। ਫੈਡਰਰ ਦਾ ਇਹ ਰੋਮਾਂਚਕ ਸਫਰ ਡਿਸਕਵਰੀ ਚੈਨਲ ਇੰਡੀਆ ਦੇ 'ਰਨਿੰਗ ਵਾਈਲਡ ਵਿਦ ਬੇਅਰ ਗ੍ਰਿਲਸ' ਨਾਂ ਦੀ ਨਵੀਂ ਸੀਰੀਜ਼ ਦਾ ਹਿੱਸਾ ਸੀ। ਇਹ ਇਕ ਰਿਐਲਿਟੀ ਸ਼ੋਅ ਹੈ, ਜਿਸ ਵਿਚ ਗ੍ਰਿਲਸ ਸਾਰੀਆਂ ਹਸਤੀਆਂ ਨੂੰ ਇਕ ਰੋਮਾਂਚਕ ਸਫਰ 'ਤੇ ਲਿਜਾਵੇਗਾ ਤੇ ਇਸ ਦੌਰਾਨ ਉਨ੍ਹਾਂ ਦੀ ਜੰਗਲ ਵਿਚ ਰਹਿਣ ਤੇ ਉੱਥੇ ਟਿਕੇ ਰਹਿਣ ਦੀ ਕਲਾ ਦੀ ਜਾਂਚ ਕਰੇਗਾ।


ਇਨ੍ਹਾਂ ਹਸਤੀਆਂ ਵਿਚ ਫੈਡਰਰ ਦੇ ਇਲਾਵਾ ਗੇਮ ਆਫ ਥ੍ਰੋਂਸ ਦੀ ਲੀਨਾ ਹੇਡੀ, ਡਾਨ ਸ਼ੈਡਲ,  ਅਮਰੀਕੀ ਅਭਿਨੇਤਰਾ ਜੋਸਫ ਗਾਰਡਨ ਤੇ 'ਆਰੇਂਜ ਇਜ਼ ਦਿ ਨਿਊ ਬਲੈਕ' ਦੀ ਅਭਿਨੇਤਰੀ ਓਜੋ ਅਡੂਬਾ ਸ਼ਾਮਲ ਹਨ। 'ਰਨਿੰਗ ਵਾਈਲਡ ਵਿਦ ਬੇਅਰ ਗ੍ਰਿਲਸ' ਦਾ ਪ੍ਰੀਮੀਅਰ 20 ਸਤੰਬਰ ਨੂੰ ਰਾਤ 9 ਵਜੇ ਡਿਸਕਵਰੀ ਚੈਨਲ ਤੇ ਡਿਸਕਵਰੀ ਵਰਲਡ ਐੱਚ. ਡੀ. 'ਤੇ ਹੋਣ ਜਾ ਰਿਹਾ ਹੈ।
ਇਸ ਸੀਰੀਜ਼ ਦੇ ਪਹਿਲੇ ਐਪੀਸੋਡ ਵਿਚ ਫੈਡਰਰ ਬੇਅਰ ਗ੍ਰਿਲਸ ਦੇ ਨਾਲ ਐਲਪਸ ਪਰਬਤ ਦੀ ਯਾਤਰਾ 'ਤੇ ਨਿਕਲੇਗਾ। ਫੈਡਰਰ ਨੇ ਇਸ ਤਜਰਬੇ 'ਤੇ ਕਿਹਾ, ''ਮੈਨੂੰ ਸਵਿਸ ਪਹਾੜਾਂ ਵਿਚਾਲੇ ਕਿਸੇ ਜਗ੍ਹਾ ਦਾ ਪਤਾ ਦਿੱਤਾ ਗਿਆ ਸੀ ਤੇ ਮੈਂ ਸਿਰਫ ਇੰਨਾ ਹੀ ਜਾਣਦਾ ਹਾਂ। ਇਹ ਕੁਝ ਅਜਿਹਾ ਹੈ, ਜਿਵੇਂ ਮੈਚ ਤੋਂ ਪਹਿਲਾਂ ਮੇਰੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਮੈਂ ਟੈਨਿਸ ਕੋਰਟ ਵਿਚ ਭਾਵੇਂ ਹੀ ਇਕ ਮਜ਼ਬੂਤ ਇਨਸਾਨ ਨਜ਼ਰ ਆਉਂਦਾ ਹਾਂ ਪਰ ਆਪਣੀ ਜ਼ਿੰਦਗੀ ਵਿਚ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਡਰ ਲੱਗਦਾ ਹੈ। ਮੇਰੀ ਜ਼ਿੰਦਗੀ ਵਿਚ ਵੀ ਕੁਝ ਡਰਾਉਣੇ ਪਲ ਆਏ ਹਨ, ਇਸ ਲਈ ਗ੍ਰਿਲਸ ਨੇ ਮੇਰਾ ਹੱਥ ਫੜੀ ਰੱਖਿਆ।''