ਫੈਡਰਰ 14ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ''ਚ

01/25/2018 4:54:30 AM

ਮੈਲਬੋਰਨ- ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੇ 20ਵੇਂ ਗ੍ਰੈਂਡ ਸਲੈਮ ਖਿਤਾਬ ਵੱਲ ਮਜ਼ਬੂਤੀ ਨਾਲ ਕਦਮ ਵਧਾਉਂਦੇ ਹੋਏ ਚੈੱਕ ਗਣਰਾਜ ਦੇ ਟਾਮਸ ਬੇਦ੍ਰਿਚ ਨੂੰ 7-6, 6-3, 6-4 ਨਾਲ ਹਰਾ ਕੇ 14ਵੀਂ ਵਾਰ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। 
ਦੂਸਰਾ ਦਰਜਾ ਪ੍ਰਾਪਤ ਫੈਡਰਰ ਨੇ ਲਗਾਤਾਰ ਤੀਸਰੇ ਸਾਲ ਮੈਲਬੋਰਨ ਪਾਰਕ ਵਿਚ ਬੇਦ੍ਰਿਚ ਨੂੰ ਹਰਾਇਆ ਅਤੇ 15 ਸਾਲਾਂ ਵਿਚ 14ਵੀਂ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ। 19 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕਾ ਫੈੱਡਰਰ ਹੁਣ ਆਪਣਾ 6ਵਾਂ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਤੋਂ 2 ਕਦਮ ਦੂਰ ਰਹਿ ਗਿਆ ਹੈ। ਸਵਿਸ ਮਾਸਟਰ ਜੇਕਰ ਇਸ ਤਰ੍ਹਾਂ ਕਰਦਾ ਹੈ ਤਾਂ ਉਹ ਰਾਏ ਐਮਰਸਨ ਅਤੇ ਨੋਵਾਕ ਜੋਕੋਵਿਚ ਦੇ ਸਭ ਤੋਂ ਜ਼ਿਆਦਾ 6 ਵਾਰ ਇਹ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। 
ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਫੈਡਰਰ ਦਾ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਦੇ ਹਿਯੋਨ ਚੁੰਗ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਹੋਰ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਟੈਨਿਸ ਸੈਂਡਗ੍ਰੇਨ ਨੂੰ 6-4, 7-6, 6-3 ਨਾਲ ਹਰਾਇਆ। ਚੁੰਗ ਨੇ ਇਸ ਜਿੱਤ ਨਾਲ ਸਾਬਿਤ ਕੀਤਾ ਕਿ ਨੋਵਾਕ ਜੋਕੋਵਿਚ 'ਤੇ ਉਸਦੀ ਜਿੱਤ ਦਾ ਕੋਈ ਤੁੱਕ ਨਹੀਂ ਸੀ। ਆਪਣੀ ਇਸ ਲੈਅ ਦੇ ਨਾਲ ਉਹ ਆਸਟ੍ਰੇਲੀਅਨ ਓਪਨ ਸੈਮੀਫਾਈਨਲ ਵਿਚ ਪਹੁੰਚਣ ਵਾਲਾ ਦੱਖਣੀ ਕੋਰੀਆ ਦਾ ਪਹਿਲਾ ਖਿਡਾਰੀ ਬਣ ਗਿਆ।
ਮਹਿਲਾ ਸਿੰਗਲ ਕੁਆਰਟਰ ਫਾਈਨਲ ਵਿਚ ਚੋਟੀ ਦਾ ਦਰਜਾ ਪ੍ਰਾਪਤ ਸਿਮੋਨ ਹਾਲੇਪ ਨੇ ਹਾਲਾਂਕਿ ਹੌਲੀ ਸ਼ੁਰੂਆਤ ਦੇ ਬਾਅਦ 6ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਵਿਰੁੱਧ ਲਗਾਤਾਰ ਸੈੱਟਾਂ ਵਿਚ 6-3, 6-2 ਨਾਲ ਜਿੱਤ ਆਪਣੇ ਨਾਂ ਕਰ ਲਈ। 26 ਸਾਲਾ ਰੋਮਾਨੀਆਈ ਖਿਡਾਰੀ ਅਤੇ ਨੰਬਰ ਵਨ ਰੈਂਕ ਹਾਲੇਪ ਹਾਲਾਂਕਿ ਕਰੀਅਰ ਵਿਚ ਅਜੇ ਤੱਕ ਇਕ ਵੀ ਗ੍ਰੈਂਡ ਸਲੈਮ ਨਹੀਂ ਜਿੱਤ ਸਕੀ ਹੈ।  ਹਾਲੇਪ ਨੇ 0-3 ਨਾਲ ਪੱਛੜਨ ਤੋਂ ਬਾਅਦ ਅਗਲੀਆਂ 9 ਗੇਮਾਂ ਲਗਾਤਾਰ ਜਿੱਤਦੇ ਹੋਏ ਕਰੀਅਰ ਵਿਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਵਿਚ ਜਗ੍ਹਾ ਬਣਾਈ। ਰੋਮਾਨੀਆਈ ਖਿਡਾਰੀ ਹੁਣ 2016 ਦੀ ਚੈਂਪੀਅਨ ਜਰਮਨੀ ਦੀ ਏਂਜੇਲਿਕ ਕੇਰਬਰ ਨਾਲ ਮੁਕਾਬਲਿਆਂ ਲਈ ਉਤਰੇਗੀ, ਜਿਸਨੇ ਅਮਰੀਕਾ ਦੀ ਮੈਡੀਸਨ ਨੂੰ ਹੋਰ ਕੁਆਰਟਰ ਫਾਈਨਲ ਵਿਚ ਬਾਹਰ ਕੀਤਾ।