ਨੰਬਰ ਵਨ ਬਣਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇ ਫੈਡਰਰ

02/17/2018 8:55:33 AM

ਰੋਟਰਡਮ, (ਬਿਊਰੋ)— ਗ੍ਰੈਂਡ ਸਲੈਮ ਖਿਤਾਬਾਂ ਦੇ ਬੇਤਾਜ ਬਾਦਸ਼ਾਹ ਅਤੇ ਆਸਟਰੇਲੀਅਨ ਓਪਨ 'ਚ ਆਪਣੇ ਖਿਤਾਬ ਦਾ ਸਫਲਤਾ ਨਾਲ ਬਚਾਅ ਕਰਨ ਵਾਲੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਪਹੁੰਚਣ ਵਾਲੇ ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਟੈਨਿਸ ਖਿਡਾਰੀ ਬਣੇ ਹਨ। 36 ਸਾਲਾਂ ਦੇ ਫੈਡਰਰ ਨੇ ਇੱਥੇ ਰੋਟਰਡਮ ਓਪਨ ਦੇ ਕੁਆਰਟਰਫਾਈਨਲ 'ਚ ਹਾਲੈਂਡ ਦੇ ਰੋਬਿਨ ਹਾਸੇ ਨੂੰ 4-6, 6-1, 6-1 ਨਾਲ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ। 

ਫੈਡਰਰ ਨੇ ਇਸ ਦੇ ਨਾਲ ਹੀ ਆਪਣੇ ਪੁਰਾਣੇ ਮੁਕਾਬਲੇਬਾਜ਼ ਸਪੇਨ ਦੇ ਰਾਫੇਲ ਨਡਾਲ ਨੂੰ ਚੋਟੀ ਦੇ ਸਥਾਨ ਤੋਂ ਉਤਾਰ ਦਿੱਤਾ ਹੈ। ਫੈਡਰਰ ਹੁਣ ਆਂਦਰੇ ਆਗਾਸੀ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਰੈਂਕਿੰਗ 'ਚ ਚੋਟੀ ਦੇ ਸਥਾਨ'ਤੇ ਪਹੁੰਚਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਗਏ। ਆਗਾਸੀ ਨੇ 2003 'ਚ 33 ਸਾਲ 131 ਦਿਨ ਦੀ ਉਮਰ 'ਚ ਚੋਟੀ ਦੀ ਰੈਂਕਿੰਗ ਹਾਸਲ ਕੀਤੀ ਸੀ। ਫੈਡਰਰ ਪਿਛਲੇ ਸਾਲ ਜਨਵਰੀ 'ਚ ਵਿਸ਼ਵ ਰੈਂਕਿੰਗ 'ਚ 17ਵੇਂ ਸਥਾਨ 'ਤੇ ਸਨ। ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਇਸ ਸਾਲ ਆਸਟਰੇਲੀਅਨ ਓਪਨ 'ਚ ਆਪਣਾ ਖਿਤਾਬ ਬਚਾਉਣ 'ਚ ਸਫਲ ਰਹੇ।