ਫਜ਼ਲ ਦਾ ਵੱਡਾ ਫੈਸਲਾ, ਪੁਰਸਕਾਰ ਰਾਸ਼ੀ ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤੀ ਸਮਰਪਤ

02/17/2019 11:09:05 AM

ਨਾਗਪੁਰ : ਲਗਾਤਾਰ ਦੂਜੀ ਵਾਰ ਈਰਾਨੀ ਕੱਪ ਜਿੱਤਣ ਵਾਲੀ ਵਿਦਰਭ ਟੀਮ ਦੇ ਕਪਤਾਨ ਫੈਜ ਫਜ਼ਲ ਨੇ ਵਿਦਰਭ ਕ੍ਰਿਕਟ ਸੰਘ ਦੀ ਇਸ ਖਿਤਾਬੀ ਜਿੱਤ ਦੀ ਪੁਰਸਕਾਰ ਰਾਸ਼ੀ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਸਮਰਪਤ ਕਰਨ ਦਾ ਫੈਸਲਾ ਕੀਤਾ ਹੈ।

ਰਣਜੀ ਚੈਂਪੀਅਨ ਵਿਦਰਭ ਨੇ ਪਹਿਲੀ ਪਾਰੀ ਵਿਚ ਮਿਲੀ ਬੜ੍ਹਤ ਦੇ ਆਧਾਰ 'ਤੇ ਹਰਾ ਕੇ ਸ਼ਨੀਵਾਰ ਨੂੰ ਈਰਾਨੀ ਕੱਪ ਦਾ ਖਿਤਾਬ ਲਗਾਤਾਰ ਦੂਜੀ ਵਾਰ ਆਪਣੇ ਨਾਂ ਕੀਤਾ ਹੈ। ਫਜ਼ਲ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਜਿੱਤ ਨਾਲ ਮਿਲਣ ਵਾਲੀ 10 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਨੂੰ ਪੁਲਵਾਮਾ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮਰਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਾਡੇ ਵੱਲੋਂ ਉਨ੍ਹਾਂ ਨੂੰ ਛੋਟੀ ਜਿਹੀ ਭੇਂਟ ਹੈ।''

ਕਪਤਾਨ ਨੇ ਪੁਰਸਕਾਰ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮਰਪਤ ਕਰਨ ਤੋਂ ਬਾਅਦ ਆਪਣੇ ਖਿਡਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ''ਪੂਰੀ ਟੀਮ ਨੇ ਇਸ ਸੀਜ਼ਨ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਖਿਡਾਰੀਆਂ ਨੇ ਆਪਣੇ ਹੁਨਰ ਨੂੰ ਚੰਗੀ ਤਰ੍ਹਾਂ ਦਿਖਾਇਆ ਹੈ। ਵਸੀਮ ਜਾਫਰ ਅਤੇ ਉਮੇਸ਼ ਯਾਦਵ ਵਰਗੇ ਸੀਨੀਅਰ ਖਿਡਾਰੀਆਂ ਦੀ ਗੈਰ-ਹਾਜ਼ਰੀ ਵਿਚ ਲੜਕਿਆਂ ਨੇ ਜਿਸ ਤਰ੍ਹਾਂ ਦਾ ਖੇਡ ਦਿਖਾਇਆ, ਉਹ ਸ਼ਲਾਘਾਯੋਗ ਹੈ। ਮੈਂ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਇਸ ਸੀਜ਼ਨ ਵਿਚ ਕਈ ਖਿਡਾਰੀਆਂ ਨੇ  ਸੈਂਕੜੇ ਲਾਏ ਜੋ ਸ਼ਾਨਦਾਰ ਹਨ। ਇਥੇ ਤੱਕ ਪਹੁੰਚਣ ਲਈ ਸਪੋਰਟਿੰਗ ਸਟਾਫ ਨੇ ਵੀ ਸ਼ਾਨਦਾਰ ਕੰਮ ਕੀਤਾ ਹੈ।''

ਮੈਚ ਵਿਚ ਪਹਿਲੀ ਪਾਰੀ ਵਿਚ 102 ਦੌੜਾਂ ਬਣਾਉਣ ਵਾਲੇ ਆਲਰਾਊਂਡਰ ਖਿਡਾਰੀ ਅਕਸ਼ੈ ਕਾਰਨੇਵਾਰ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਅਕਸ਼ੈ ਨੇ ਕਿਹਾ, ''ਕਾਫੀ ਚੰਗਾ ਲੱਗ ਰਿਹਾ ਹੈ ਕਿ ਅਸੀਂ ਦੂਜੀ ਵਾਰ ਰਣਜੀ ਟਰਾਫੀ ਅਤੇ ਈਰਾਨੀ ਕੱਪ ਜਿੱਤਣ ਵਿਚ ਸਫਲ ਰਹੇ ਹਾਂ। ਈਰਾਨੀ ਕੱਪ ਵਿਚ ਇਕ ਮਜ਼ਬੂਤ ਟੀਮ ਖਿਲਾਫ ਪਹਿਲਾ ਸੈਂਕੜਾ ਲਾਉਣਾ ਮੇਰੇ ਲਈ ਬੇਹੱਦ ਖਾਸ ਰਿਹਾ ਹੈ।'' ਇਹ ਪੁੱਛੇ ਜਾਣ 'ਤੇ ਕਿ ਤੁਸੀਂ ਅਜਿਹੇ ਗੇਂਦਬਾਜ਼ ਹੋ ਜੋ ਦੋਵੇਂ ਹੱਥਾਂ ਨਾਲ ਗੇਂਦ ਕਰਦੇ ਹੋ ਤਾਂ ਕੱਪ ਕਿਸ ਹੱਥ ਨਾਲ ਫੜੋਗੇ- ਸੱਜੇ ਹੱਥ ਨਾਲ ਜਾਂ ਖੱਬੇ ਹੱਥ ਨਾਲ। ਇਸ 'ਤੇ ਕਾਰਨੇਵਾਰ ਨੇ ਹੱਸਦਿਆਂ ਕਿਹਾ, ''ਮੈਂ ਇਸ ਕੱਪ ਨੂੰ ਦੋਵਾਂ ਹੱਥਾਂ ਨਾਲ ਫੜਾਂਗਾ।''