ਪਿਤਾ ਨੇ ਰੈਸਲਿੰਗ ''ਚ ਭੇਜਿਆ ਪਰ ਬਣਿਆ ਬਾਕਸਰ

01/23/2020 2:42:10 AM

ਪਟਿਆਲਾ (ਪ੍ਰਤਿਭਾ)- ਪੜ੍ਹਾਈ ਵਿਚ ਮਨ ਹਟਿਆ ਅਤੇ ਸਕੂਲ ਨਾ ਜਾ ਕੇ ਦੋਸਤਾਂ ਨਾਲ ਘੁੰਮਣਾ-ਫਿਰਨਾ ਸ਼ੁਰੂ ਕਰ ਦਿੱਤਾ। ਗਲਤ ਸੰਗਤ ਵਿਚ ਬੇਟੇ ਨੂੰ ਦੇਖ ਕੇ ਪਿਤਾ ਨੇ ਸੋਚਿਆ ਕਿ ਕਿਸੇ ਗੇਮ ਵਿਚ ਪਾ ਦਿੰਦਾ ਹਾਂ ਤਾਂ ਸ਼ਾਇਦ ਠੀਕ ਹੋ ਜਾਵੇ, ਇਸ ਲਈ ਬੇਟੇ ਨੂੰ ਰੈਸਲਿੰਗ ਸੈਂਟਰ ਵਿਚ ਭੇਜ ਦਿੱਤਾ। 6 ਫੁੱਟ 6 ਇੰਚ ਲੰਬੇ ਅੰਮ੍ਰਿਤ ਬੱਲ ਦਾ ਸਰੀਰ ਹੀ ਰੈਸਲਿੰਗ ਵਾਲਾ ਨਹੀਂ ਸੀ ਤਾਂ ਇਕ ਸਾਲ ਰੈਸਲਿੰਗ ਵਿਚ ਬਰਬਾਦ ਕੀਤਾ, ਨਤੀਜਾ ਜ਼ੀਰੋ ਨਿਕਲਿਆ ਅਤੇ ਇਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤ ਨੂੰ ਕੋਚ ਨੇ ਵੀ ਜਵਾਬ ਦੇ ਦਿੱਤਾ ਕਿ ਰੈਸਲਿੰਗ ਵਿਚ ਕੁਝ ਨਹੀਂ ਬਣ ਸਕਦਾ। ਪਿਤਾ ਨੇ ਰੈਸਲਿੰਗ ਕਰਵਾਉਣ ਵਿਚ ਖਰਚ ਕੀਤਾ ਅਤੇ ਪਰਿਵਾਰ ਆਰਥਿਕ ਤੌਰ 'ਤੇ ਮੁਸ਼ਕਿਲ ਵਿਚ ਆ ਗਿਆ। ਅੰਤਰਰਾਸ਼ਟਰੀ ਪੱਧਰ ਦੇ ਬਾਕਸਰ ਅੰਮ੍ਰਿਤ ਬੱਲ ਦੀ ਕਹਾਣੀ ਅਜਿਹੀ ਹੈ।
ਬਾਸਕਟਬਾਲ 'ਚ ਵੀ ਕਿਸਮਤ ਅਜ਼ਮਾਈ
ਜਦੋਂ ਰੈਸਲਿੰਗ ਵਿਚ ਕੁਝ ਨਹੀਂ ਬਣਿਆ ਤਾਂ ਵੀ ਪਰਿਵਾਰ ਵਾਲਿਆਂ ਨੇ ਹਾਰ ਨਹੀਂ ਮੰਨੀ ਅਤੇ ਬਾਸਕਟਬਾਲ ਵਿਚ ਪਾ ਦਿੱਤਾ। ਇਕ ਸਾਲ ਬਾਸਕਟਬਾਲ ਖੇਡੀ ਅਤੇ ਕੁਝ ਵਧੀਆ ਨਤੀਜੇ ਵੀ ਆਉਣ ਲੱਗੇ ਪਰ ਜਦੋਂ ਸਟੇਟ ਗੇਮਜ਼ ਲਈ ਸਿਲੈਕਸ਼ਨ ਹੋਣੀ ਸੀ ਤਾਂ ਅੰਮ੍ਰਿਤ ਨੂੰ ਦਰਕਿਨਾਰ ਕਰ ਕੇ ਕੋਚ ਦੇ ਬੇਟੇ ਨੂੰ ਟੀਮ ਵਿਚ ਰੱਖ ਲਿਆ। ਹੁਣ ਅੰਮ੍ਰਿਤ ਦਾ ਦਿਲ ਇਸ ਗੱਲ ਤੋਂ ਵੀ ਟੁੱਟ ਗਿਆ ਅਤੇ ਬਾਸਕਟਬਾਲ ਛੱਡ ਦਿੱਤੀ ਪਰ ਬਾਸਕਟਬਾਲ ਸੈਂਟਰ ਕੋਲ ਹੀ ਬਾਕਸਿੰਗ ਸੈਂਟਰ ਸੀ, ਉਥੇ ਕਈ ਦੋਸਤ ਬਾਕਸਿੰਗ ਦੀ ਟ੍ਰੇਨਿੰਗ ਲੈ ਰਹੇ ਸਨ, ਉਨ੍ਹਾਂ ਕਿਹਾ ਕਿ ਬਾਕਸਿੰਗ ਸ਼ੁਰੂ ਕਰ ਦੇ, ਜੋ ਮੁੱਕਾ ਮਾਰੇਗਾ ਉਹ ਜਿੱਤੇਗਾ ਤਾਂ ਅੰਮ੍ਰਿਤ ਨੇ ਕੋਚ ਹਰਪ੍ਰੀਤ ਸਿੰਘ ਕੋਲ ਬਾਕਸਿੰਗ ਸ਼ੁਰੂ ਕੀਤੀ।
3 ਸਾਲ ਤੱਕ ਨਹੀਂ ਮਿਲਿਆ ਕੋਈ ਰਿਜ਼ਲਟ
ਪਹਿਲੇ ਸਾਲ ਹਾਰ ਮਿਲੀ ਅਤੇ ਅਗਲੇ ਦੋ ਸਾਲ ਵੀ ਕੋਈ ਰਿਜ਼ਲਟ ਨਹੀਂ ਆਇਆ ਤਾਂ ਘਰਵਾਲਿਆਂ ਨੇ ਸਾਰੀਆਂ ਉਮੀਦਾਂ ਖਤਮ ਕਰ ਦਿੱਤੀਆਂ ਪਰ ਕੋਚ ਨੇ ਅੰਮ੍ਰਿਤ ਨੂੰ ਮਨ ਤੋਂ ਹਾਰਨ ਨਹੀਂ ਦਿੱਤਾ। ਤਿੰਨ ਸਾਲ ਬਾਅਦ ਕਿਹਾ ਕਿ ਹੁਣ ਰਿਜ਼ਲਟ ਆਉਣੇ ਸ਼ੁਰੂ ਹੋਣਗੇ। ਉਸ ਤੋਂ ਬਾਅਦ ਸਟੇਟ ਵਿਚ ਗੋਲਡ, ਨੈਸ਼ਨਲ ਵਿਚ ਗੋਲਡ ਫਿਰ ਤਾਂ ਅੰਮ੍ਰਿਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 2012 ਵਿਚ ਦੇਸ਼ ਵਿਚ ਬੈਸਟ ਬਾਕਸਰ ਬਣਿਆ।
ਅੰਮ੍ਰਿਤ ਦੀਆਂ ਪ੍ਰਾਪਤੀਆਂ—
20ਵੀਆਂ ਕਾਮਨਵੈਲਥ ਗੇਮਜ਼ 2014 ਗਲਾਸਗੋ ਦੇ (ਕੁਆਟਰ ਫਾਈਨਲਿਸਟ)
17ਵੀਆਂ ਏਸ਼ੀਅਨ ਗੇਮਜ਼ 2014 ਸਾਊਥ ਕੋਰੀਆ (ਕੁਆਟਰ ਫਾਈਨਲਿਸਟ)
ਜੂਨੀਅਰ ਵਰਲਡ ਚੈਂਪੀਅਨਸ਼ਿਪ 2013 ਫਿਲਪੀਨਜ਼ (ਬ੍ਰਾਊਂਜ਼ ਮੈਡਲ)
ਜੂਨੀਅਰ ਵਰਲਡ ਬਾਕਸਿੰਗ ਚੈਂਪੀਅਨਸ਼ਿਪ 2012 ਅਰਮੀਨੀਆ 'ਚ ਹਿੱਸਾ ਲਿਆ
19ਵਾਂ ਬਾਕਸਿੰਗ ਟੂਰਨਾਮੈਂਟ 2017 ਰਸ਼ੀਆ ਬ੍ਰਾਊਂਜ਼ ਮੈਡਲ
ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 2012 ਗੋਲਡ ਮੈਡਲ, ਬੈਸਟ ਬਾਕਸਰ
ਦੋ ਵਾਰ ਇੰਟਰ'ਵਰਸਿਟੀ ਚੈਂਪੀਅਨ (2015-16)


Gurdeep Singh

Content Editor

Related News