ਵਿਸ਼ਵ ਕੱਪ ਨੂੰ ਲੈ ਕੇ ਕਪਤਾਨ ਮਨਪ੍ਰੀਤ ਨੇ ਦਿੱਤਾ ਇਹ ਬਿਆਨ

02/16/2018 10:30:52 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ 2018 ਨੂੰ ਭਾਰਤੀ ਹਾਕੀ ਲਈ ਮਹੱਤਵਪੂਰਨ ਸਾਲ ਦਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਟੀਮ ਦੀ ਨਜ਼ਰ ਭੁਵਨੇਸ਼ਵਰ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਤਗਮਾ ਜਿੱਤਣ 'ਤੇ ਟਿਕੀ ਹੋਈ ਹੈ। ਮਨਪ੍ਰੀਤ ਨੇ ਹਾਕੀ ਇੰਡੀਆ ਅਤੇ ਓਡੀਸ਼ਾ ਸਰਕਾਰ ਵਿਚਾਲੇ ਪੰਜ ਸਾਲ ਦੇ ਸਮਝੌਤੇ ਦੇ ਕਰਾਰ ਦੇ ਐਲਾਨ ਦੇ ਮੌਕੇ 'ਤੇ ਕਿਹਾ, ''ਇਹ ਸਾਲ ਸਾਡੇ ਲਈ ਕਾਫੀ ਮਹੱਤਵਪੂਰਨ ਹੈ। ਸਾਨੂੰ ਸੁਲਤਾਨ ਅਜ਼ਲਾਨ ਸ਼ਾਹ, ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ ਵਿਸ਼ਵ ਕੱਪ 'ਚ ਹਿੱਸਾ ਲੈਣਾ ਹੈ। ਟੀਮ ਦੇ ਸਾਰੇ ਖਿਡਾਰੀਆਂ ਦੀ ਇਕ ਹੀ ਸੋਚ ਹੈ ਕਿ ਸਾਰੇ ਟੂਰਨਾਮੈਂਟਾਂ 'ਚ ਤਗਮੇ ਜਿੱਤਣੇ ਹਨ। ਅਸੀਂ ਇਸ ਦੇ ਬਿਨਾ ਕੁਝ ਹੋਰ ਨਹੀਂ ਸੋਚ ਰਹੇ।''

ਹਾਕੀ ਵਿਸ਼ਵ ਕੱਪ ਦਾ ਆਯੋਜਨ ਇਸ ਸਾਲ ਨਵੰਬਰ 'ਚ ਓਡੀਸ਼ਾ 'ਚ ਹੋਣਾ ਹੈ। ਓਡੀਸ਼ਾ ਨੇ ਪਿਛਲੇ ਸਾਲ ਨਵੰਬਰ 'ਚ ਐੱਫ.ਆਈ.ਐੱਚ. ਹਾਕੀ ਵਰਲਡ ਲੀਗ ਦੇ ਫਾਈਨਲਸ ਦੀ ਮੇਜ਼ਬਾਨੀ ਵੀ ਕੀਤੀ ਸੀ। ਭਾਰਤ ਨੇ ਵਿਸ਼ਵ ਕੱਪ ਦੇ ਇਤਿਹਾਸ 'ਚ 1971 ਦੇ ਪਹਿਲੇ ਟੂਰਨਾਮੈਂਟ 'ਚ ਕਾਂਸੀ ਤਗਮਾ, 1973 'ਚ ਚਾਂਦੀ ਦਾ ਤਗਮਾ ਅਤੇ 1975 'ਚ ਸੋਨ ਤਗਮਾ ਜਿੱਤਿਆ ਸੀ। ਭਾਰਤ ਇਨ੍ਹਾਂ ਤਿੰਨ ਵਿਸ਼ਵ ਕੱਪ ਦੇ ਬਾਅਦ ਫਿਰ ਕਦੀ ਸੈਮੀਫਾਈਨਲ 'ਚ ਨਹੀਂ ਪਹੁੰਚ ਸਕਿਆ ਹੈ। ਭਾਰਤੀ ਹਾਕੀ ਟੀਮ ਨੇ ਪਿਛਲੇ ਕੁਝ ਸਾਲਾਂ 'ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ ਨਾਲ ਇਹ ਉਮੀਦ ਦਿਖਾਈ ਦੇ ਰਹੀ ਹੈ ਟੀਮ ਇਸ ਵਾਰ ਤਗਮਾ ਜਿੱਤ ਸਕਦੀ ਹੈ।