ਯੂਰੋ 2020 : ਹੰਗਰੀ ਨੇ ਫ਼ਰਾਂਸ ਨੂੰ 1-1 ਨਾਲ ਡਰਾਅ ’ਤੇ ਰੋਕਿਆ

06/20/2021 11:30:39 AM

ਬੁਡਾਪੇਸਟ— ਫ਼ਰਾਂਸ ਨੇ ਐਂਟੋਨੀ ਗ੍ਰੀਜ਼ਮੈਨ ਦੇ ਦੂਜੇ ਹਾਫ਼ ’ਚ ਕੀਤੇ ਗਏ ਗੋਲ ਨਾਲ ਯੂਰਪੀ ਫ਼ੁੱਟਬਾਲ ਚੈਂਪੀਅਨਸ਼ਿਪ-ਯੂਰੋ 2020 ’ਚ ਸਭ ਤੋਂ ਵੱਡਾ ਉਲਟਫੇਰ ਹੋਣ ਤੋੋਂ ਬਚਾ ਲਿਆ ਪਰ ਉਸ ਨੂੰ ਹੰਗਰੀ ਦੇ ਇਸ ਮੈਚ ’ਚ 1-1 ਨਾਲ ਡਰਾਅ ਖੇਡ ਕੇ ਅੰਕ ਵੰਡਣੇ ਪਏ। ਬੁਡਾਪੇਸਟ ਸਥਿਤ 67,215 ਦਰਸ਼ਕਾਂ ਦੀ ਸਮਰਥਾ ਵਾਲਾ ਪੁਸਕਾਸ ਸਟੇਡੀਅਮ ਯੂਰੋ 2020 ’ਚ ਇਕਲੌਤਾ ਸਟੇਡੀਅਮ ਹੈ ਜਿੱਥੇ ਪੂਰੀ ਗਿਣਤੀ ’ਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਹੈ। ਹੰਗਰੀ ਨੂੰ ਦਰਸ਼ਕਾਂ ਨਾਲ ਭਰੇ ਸਟੇਡੀਅਮ ’ਚ ਅਪਾਰ ਸਮਰਥਨ ਮਿਲ ਰਿਹਾ ਸੀ।

ਹੰਗਰੀ ਨੇ ਪਹਿਲੇ ਹਾਫ਼ ਦੇ ਇੰਜੁਰੀ ਟਾਈਮ ’ਚ ਐਟਿਲ ਫ਼ਿਯੋਲਾ ਦੇ ਗੋਲ ਨਾਲ ਬੜ੍ਹਤ ਬਣਾਈ ਸੀ ਪਰ ਗ੍ਰੀਜ਼ਮੈਨ ਨੇ 66ਵੇਂ ਮਿੰਟ ’ਚ ਬਰਾਬਰੀ ਦਾ ਗੋਲ ਦਾਗ਼ਿਆ ਜਿਸ ਨਾਲ ਦਰਸ਼ਕ ਨਿਰਾਸ਼ ਹੋ ਗਏ। ਰੋਲੈਂਡ ਸਲਾਲੀ ਨੇ ਖੱਬੇ ਪਾਸਿਓਂ ਫਿਯੋਲਾ ਨੂੰ ਗੇਂਦ ਦਿੱਤੀ ਜਿਸ ਨੇ ਪੈਨਲਟੀ ਖੇਤਰ ’ਚ ਰਾਫੇਲ ਵਰਾਨੇ ਨੂੰ ਚਕਮਾ ਦੇ ਕੇ ਗੋਲ ਦਾਗਿਆ। ਵਿਸ਼ਵ ਚੈਂਪੀਅਨ ਫ਼ਰਾਂਸ ਦੇ ਕਾਈਲਿਨ ਐਮਪਾਬੇ ਤੇ ਕਰੀਮ ਬੇਂਜੇਮਾ ਨੇ ਗੋਲ ਕਰਨ ਦੇ ਕੁਝ ਮੌਕੇ ਗੁਆਏ। ਆਪਣੇ ਮਜ਼ਬੂਤ ਵਿਰੋਧੀ ਦੇ ਸਾਹਮਣੇ ਹੰਗਰੀ ਦਾ ਡਰਾਅ ਖੇਡਣਾ ਜਿੱਤ ਤੋਂ ਘੱਟ ਨਹੀਂ ਹੈ।

Tarsem Singh

This news is Content Editor Tarsem Singh