ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਯੂਰੋ 2020 ਦਾ ਅਭਿਆਸ ਟੂਰਨਾਮੈਂਟ ਰੱਦ

03/12/2020 4:29:31 PM

ਸਪੋਰਟਸ ਡੈਸਕ— ਵਿਸ਼ਵ ਕੱਪ ਦੇ ਉਪ ਜੇਤੂ ¬ਕ੍ਰੋਏਸ਼ੀਆ, ਬੈਲਜੀਅਮ ਅਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਵਿਚਾਲੇ ਕਤਰ ’ਚ ਇਸ ਮਹੀਨੇ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਬੈਲਜੀਅਮ ਫੁੱਟਬਾਲ ਸੰਘ ਨੇ ਕਿਹਾ ਕਿ ਬੁੱਧਵਾਰ ਨੂੰ ਉਸ ਨੂੰ ਕਤਰ ਤੋਂ ਸੂਚਨਾ ਮਿਲੀ ਕਿ ਦੁਨੀਆ ਭਰ ’ਚ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਟੂਰਨਾਮੈਂਟ ਨੂੰ ਰੱਦ ਕਰਨਾ ਪਵੇਗਾ। ਇਸ ਟੂਰਨਾਮੈਂਟ ਦਾ ਆਯੋਜਨ 26 ਤੋਂ 30 ਮਾਰਚ ਵਿਚਾਲੇ ਹੋਣਾ ਸੀ ਅਤੇ ਇਸ ਨੂੰ ਯੂਰੋ 2020 ਲਈ ਅਭਿਆਸ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਣਾ ਸੀ। ਟੂਰਨਾਮੈਂਟ ਨੂੰ ਰੱਦ ਕਰਨ ਦਾ ਕੋਈ ਵਿਸ਼ੇਸ਼ ਕਾਰਣ ਨਹੀਂ ਦੱਸਿਆ ਗਿਆ  ਪਰ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਵੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।​​​​​​​ ਦੁਨੀਆ ਭਰ ’ਚ ਬੁੱਧਵਾਰ ਤਕ 124101 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਸਨ ਜਦ ਕਿ 113 ਦੇਸ਼ਾਂ ਅਤੇ ਖੇਤਰਾਂ ’ਚ 4566 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਸੰਕਰਮਨ ਨੂੰ ਮਹਾਮਾਰੀ ਐਲਾਨਿਆ ਗਿਆ ਹੈ।