ਇੰਗਲੈਂਡ ਨੇ ਦੱਖਣੀ ਅਫਰੀਕਾ ਤੋਂ 3-1 ਨਾਲ ਜਿੱਤੀ ਸੀਰੀਜ਼

01/27/2020 9:37:38 PM

ਜੋਹਾਨਸਬਰਗ— ਤੇਜ਼ ਗੇਂਦਬਾਜ਼ ਮਾਰਕ ਵੁਡ (54 ਦੌੜਾਂ 'ਤੇ ਚਾਰ ਵਿਕਟਾਂ) ਦੀ ਇਕ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਚੌਥੇ ਤੇ ਆਖਰੀ ਟੈਸਟ ਦੇ ਚੌਥੇ ਹੀ ਦਿਨ ਸੋਮਵਾਰ ਨੂੰ 191 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤ ਲਈ। ਇੰਗਲੈਂਡ ਨੇ ਦੱਖਣੀ ਅਫਰੀਕਾ ਦੇ ਸਾਹਮਣੇ ਜਿੱਤ ਦੇ ਲਈ 466 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ 77.1 ਓਵਰ 'ਚ 274 ਦੌੜਾਂ 'ਤੇ ਢੇਰ ਹੋ ਗਈ। ਪਹਿਲੀ ਪਾਰੀ 'ਚ 46 ਦੌੜਾਂ 'ਤੇ 5 ਵਿਕਟਾਂ ਲੈਣ ਵਾਲੇ ਵੁਡ ਨੇ ਦੂਜੀ ਪਾਰੀ 'ਚ 16.1 ਓਵਰਾਂ 'ਚ 54 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੀ ਦੂਜੀ ਪਾਰੀ 'ਚ ਰੈਸੀ ਵਾਨ ਡੇਨ ਡੁਸੇਨ ਨੇ 138 ਗੇਂਦਾਂ 'ਚ 15 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 98 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾਅ ਸਕੇ।


ਕਪਤਾਨ ਫਾਫ ਡੁ ਪਲੇਸਿਸ ਨੇ 35, ਵਿਕਟਕੀਪਰ ਕਵਿੰਟਨ ਡੀ ਕਾਕ ਨੇ 39, ਤੇਮਬਾ ਬਾਵੁਮਾ ਨੇ 27, ਪੀਟਰ ਮਲਾਨ ਨੇ 22 ਤੇ ਡੀਨ ਐਲਗਰ ਨੇ 24 ਦੌੜਾਂ ਬਣਾਈਆਂ। ਇੰਗਲੈਂਡ ਦੇ ਮਾਰਕ ਵੁਡ ਨੂੰ 'ਪਲੇਅਰ ਆਫ ਦਿ ਮੈਚ' ਤੇ ਬੇਨ ਸਟੋਕਸ ਨੂੰ 'ਪਲੇਅਰ ਆਫ ਦਿ ਸੀਰੀਜ਼' ਦਾ ਐਲਾਨ ਕੀਤਾ ਗਿਆ। ਇੰਗਲੈਂਡ ਨੂੰ ਇਸ ਸੀਰੀਜ਼ 'ਚ 2 ਮੈਚ ਜਿੱਤਣ ਨਾਲ ਕੁਲ 60 ਅੰਕ ਮਿਲੇ ਤੇ ਟੈਸਟ ਚੈਂਪੀਅਨਸ਼ਿਪ 'ਚ ਉਸਦੇ 146 ਅੰਕ ਹੋ ਗਏ ਹਨ। ਉਹ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਦੇ ਹਿੱਸੇ 'ਚ 30 ਅੰਕ ਆਏ ਤੇ ਉਹ 30 ਅੰਕਾਂ ਦੇ ਨਾਲ 7ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh