ਟੀ-20 ਵਰਲਡ ਕੱਪ 'ਚ ਇੰਗਲੈਂਡ ਦੀ ਬ੍ਰੰਟ ਨੇ ਦਿਖਾਈ ਖੇਡ ਭਾਵਨਾ, ਨਹੀਂ ਕੀਤਾ ਮਾਂਕਡਿੰਗ (Video)

02/24/2020 11:58:58 AM

ਸਪੋਰਟਸ ਡੈਸਕ : ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਮੈਚ ਵਿਚ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਮੈਚ ਹੋਇਆ। ਇਸ ਮੈਚ ਨੂੰ ਦੱਖਣੀ ਅਫਰੀਕਾ ਦੀ ਟੀਮ ਨੇ ਤਾਂ ਜਿੱਤ ਲਿਆ ਪਰ ਮੈਚ ਵਿਚ ਇਕ ਪਲ ਅਜਿਹਾ ਵੀ ਆਇਆ, ਜਿਸ ਨੇ ਸਾਰੇ ਕ੍ਰਿਕਟ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇੰਗਲੈਂਡ ਦੀ ਤੇਜ਼ ਗੇਂਦਬਾਜ਼ ਕੈਥਰੀਨ ਬ੍ਰੰਟ ਦੇ ਕੋਲ ਆਖਰੀ ਓਵਰ ਵਿਚ ਦੱਖਣੀ ਅਫਰੀਕਾ ਨੂੰ ਮਾਂਕਡਿੰਗ ਕਰਨ ਦਾ ਮੌਕਾ ਸੀ ਪਰ ਉਸ ਨੇ ਖੇਡ ਭਾਵਨਾ ਦਿਖਾਉਂਦਿਆਂ ਬੱਲੇਬਾਜ਼ ਨੂੰ ਆਊਟ ਨਹੀਂ ਕੀਤਾ।

ਦਰਅਸਲ, ਦੱਖਣੀ ਅਫਰੀਕਾ ਦੀ ਟੀਮ ਨੂੰ ਆਖਰੀ ਦੀਆਂ 4 ਗੇਂਦਾਂ 'ਤੇ 7 ਦੌੜਾਂ ਦੀ ਜ਼ਰੂਰਤ ਸੀ। ਇੰਗਲੈਂਡ ਦੀ ਬ੍ਰੰਟ ਗੇਂਦ ਸੁੱਟਣ ਜਾ ਰਹੀ ਸੀ ਅਤੇ ਤਦ ਹੀ ਦੱਖਣੀ ਅਫਰੀਕਾ ਦੀ ਬੱਲੇਬਾਜ਼ ਨਾਨ ਸਟ੍ਰਾਈਕਰ ਐਂਡ 'ਤੇ ਆਪਣੀ ਕ੍ਰੀਜ਼ ਨੂੰ ਛੱਡ ਕੇ ਬਾਹਰ ਆ ਚੁੱਕੀ ਸੀ। ਬ੍ਰੰਟ ਦੇ ਕੋਲ ਮੌਕਾ ਸੀ ਕਿ ਉਹ ਬੱਲੇਬਾਜ਼ ਨੂੰ ਮਾਂਕਡਿੰਗ ਕਰ ਮੈਚ ਦਾ ਪਾਸਾ ਆਪਣੀ ਟੀਮ ਵੱਲ ਲਿਜਾ ਸਕਦੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਦੋਬਾਰਾ ਗੇਂਦ ਸੁੱਟਣ ਚਲੀ ਗਈ। ਅਗਲੀ ਹੀ ਗੇਂਦ 'ਤੇ ਬ੍ਰੰਟ ਨੂੰ ਛੱਕਾ ਪੈ ਗਿਆ ਅਤੇ ਇੰਗਲੈਂਡ ਦੀ ਟੀਮ ਨੇ ਇਸ ਮੈਚ ਨੂੰ ਗੁਆ ਦਿੱਤਾ।

ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਇਸ ਮੈਚ ਨੂੰ 6 ਵਿਕਟਾਂ ਨਾਲ ਜਿੱਤ ਕੇ ਆਪਣੇ ਨਾਂ ਕਰ ਲਿਆ ਅਤੇ ਆਈ. ਸੀ. ਸੀ. ਟੀ-20 ਵਰਲਡ ਕੱਪ ਵਿਚ ਇੰਗਲੈਂਡ ਦੀ ਟੀਮ 'ਤੇ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਵੱਲੋਂ ਕਪਤਾਨ ਡੇਨ ਵੈਨ ਨਾਈਕੇਕ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਈ।