ਸਮਿਥ ਦੇ ਦੋਹਰੇ ਸੈਂਕੜੇ ਨਾਲ ਇੰਗਲੈਂਡ ਦੀਆਂ ਉਮੀਦਾਂ ਢਹਿ-ਢੇਰੀ

12/17/2017 3:27:02 AM

ਪਰਥ— ਕਪਤਾਨ ਸਟੀਵ ਸਮਿਥ (ਅਜੇਤੂ 229) ਦੀ ਟੈਸਟ ਦੀ ਸਰਵਸ੍ਰੇਸ਼ਠ ਪਾਰੀ ਅਤੇ ਦੂਜੇ ਪਾਸੇ 'ਤੇ ਮਿਸ਼ੇਲ ਮਾਰਸ਼ (ਅਜੇਤੂ 181) ਦੀ ਘਾਤਕ ਪਾਰੀ ਨਾਲ ਆਸਟ੍ਰੇਲੀਆ ਨੇ ਇੰਗਲੈਂਡ ਵਿਰੁੱਧ ਅਹਿਮ ਤੀਜੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ 'ਤੇ 549 ਦੌੜਾਂ ਦਾ ਸਕੋਰ ਖੜ੍ਹਾ ਕਰ ਕੇ ਮਜ਼ਬੂਤ ਬੜ੍ਹਤ ਹਾਸਲ ਕਰ ਲਈ। ਆਸਟ੍ਰੇਲੀਆ ਨੇ ਸਟੰਪਸ ਤਕ 152 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ  549 ਦੌੜਾਂ ਬਣਾ ਲਈਆਂ ਹਨ ਤੇ ਉਸਦੀਆਂ 6 ਵਿਕਟਾਂ ਸੁਰੱਖਿਅਤ ਹਨ। ਬੱਲੇਬਾਜ਼ ਸਮਿਥ ਤੇ ਮਾਰਸ਼ ਪੰਜਵੀਂ ਵਿਕਟ ਲਈ 301 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੇ ਨਾਲ ਕ੍ਰੀਜ਼ 'ਤੇ ਡਟੇ ਹੋਏ ਹਨ। ਉਨ੍ਹਾਂ ਦੀਆਂ ਪਾਰੀਆਂ ਨਾਲ ਮੇਜ਼ਬਾਨ ਟੀਮ 146 ਦੌੜਾਂ ਦੀ ਮਜ਼ਬੂਤ ਬੜ੍ਹਤ ਹਾਸਲ ਕਰ ਚੁੱਕੀ ਹੈ।
ਸਵੇਰੇ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਨੂੰ ਕੱਲ ਦੀਆਂ 203 ਦੌੜਾਂ 'ਤੇ 3 ਵਿਕਟਾਂ ਤੋਂ ਅੱਗੇ ਵਧਾਇਆ। ਉਸ ਸਮੇਂ ਕਪਤਾਨ ਸਟੀਵ ਸਮਿਥ (92) ਤੇ ਸ਼ਾਨ ਮਾਰਸ਼ (7) ਕ੍ਰੀਜ਼ 'ਤੇ ਸਨ ਪਰ ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼ ਸਮਿਥ ਲਗਾਤਾਰ ਦੂਜੇ ਦਿਨ ਮੈਦਾਨ 'ਤੇ  ਟਿਕਿਆ ਰਿਹਾ ਤੇ ਫਿਰ ਤੋਂ ਅਜੇਤੂ ਪਰਤਿਆ। ਉਸ ਨੇ 390 ਗੇਂਦਾਂ ਦੀ ਪਾਰੀ ਵਿਚ 28 ਚੌਕੇ ਤੇ 1 ਛੱਕਾ ਲਾ ਕੇ ਅਜੇਤੂ 229 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ। 
28 ਸਾਲਾ ਸਮਿਥ ਦਾ ਇਹ 59ਵੇਂ ਟੈਸਟ ਮੈਚ 'ਚ 22ਵਾਂ ਸੈਂਕੜਾ ਹੈ। ਮੈਦਾਨ 'ਤੇ ਜਮ ਕੇ ਡਟੇ ਹੋਏ ਆਸਟ੍ਰੇਲੀਆਈ ਕਪਤਾਨ ਸਾਹਮਣੇ ਬੇਵੱਸ ਇੰਗਲੈਂਡ ਦੇ ਗੇਂਦਬਾਜ਼ ਪੂਰਾ ਦਿਨ ਸ਼ਾਨ ਮਾਰਸ਼ (28) ਤੋਂ ਇਲਾਵਾ ਹੋਰ ਕੋਈ ਵਿਕਟ ਹੀ ਨਹੀਂ ਕੱਢ ਸਕੇ। ਸ਼ਾਨ ਨੂੰ ਮੋਇਨ ਅਲੀ ਨੇ ਜੋ ਰੂਟ ਹੱਥੋਂ ਕੈਚ ਕਰਾ ਕੇ ਸਵੇਰ ਦੇ ਸੈਸ਼ਨ ਵਿਚ ਜਲਦ ਹੀ ਦਿਨ ਦੀ ਪਹਿਲੀ ਵਿਕਟ ਕੱਢੀ ਪਰ ਇਸ ਤੋਂ ਬਾਅਦ ਖੇਡ ਦੀ ਸਮਾਪਤੀ ਤਕ ਫਿਰ ਸਮਿਥ ਦੇ ਨਾਲ ਦੂਜੇ ਪਾਸੇ ਮਿਸ਼ੇਲ ਨੇ ਜ਼ਬਰਦਸਤ ਸਾਂਝੇਦਾਰੀ ਕੀਤੀ ਤੇ ਆਸਟ੍ਰੇਲੀਆ ਨੂੰ ਹੋਰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਮਿਸ਼ੇਲ ਨੇ 234 ਗੇਂਦਾਂ ਦੀ ਪਾਰੀ 'ਚ 29 ਜ਼ਬਰਦਸਤ ਚੌਕੇ ਲਾਉਂਦਿਆਂ ਆਪਣੀ ਅਜੇਤੂ 181 ਦੌੜਾਂ ਦੀ ਪਾਰੀ ਖੇਡੀ। ਉਸ ਦਾ ਟੈਸਟ 'ਚ ਇਹ ਪਹਿਲਾ ਸੈਂਕੜਾ ਵੀ ਹੈ ਅਤੇ ਉਹ ਵੀ ਆਪਣੇ ਦੋਹਰੇ ਸੈਂਕੜੇ ਤੋਂ ਹੁਣ ਸਿਰਫ 19 ਦੌੜਾਂ ਹੀ ਦੂਰ ਰਹਿ ਗਿਆ ਹੈ।